
ਤਾਲਿਬਾਨ ਵਲੋਂ 'ਆਮ ਮੁਆਫ਼ੀ' ਦਾ ਐਲਾਨ
ਔਰਤਾਂ ਨੂੰ ਸਰਕਾਰ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ
ਕਾਬੁਲ, 17 ਅਗੱਸਤ : ਤਾਲਿਬਾਨ ਨੇ ਮੰਗਲਵਾਰ ਨੂੰ ਪੂਰੇ ਅਫ਼ਗ਼ਾਨਿਸਤਾਨ ਵਿਚ 'ਆਮ ਮੁਆਫ਼ੀ' ਦਾ ਐਲਾਨ ਕੀਤਾ ਅਤੇ ਔਰਤਾਂ ਨੂੰ ਉਨ੍ਹਾਂ ਦੀ ਸਰਕਾਰ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ | ਇਸ ਨਾਲ ਹੀ ਤਾਲਿਬਾਨ ਨੇ ਲੋਕਾਂ ਵਿਚ ਪੈਦਾ ਹੋਏ ਸ਼ੱਕ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਇਕ ਦਿਨ ਪਹਿਲਾਂ ਉਸ ਦੇ ਸ਼ਾਸਨ ਤੋਂ ਬਚਣ ਲਈ ਕਾਬੁਲ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰਦੇ ਦਿਸੇ ਸਨ ਅਤੇ ਜਿਸ ਕਾਰਨ ਹਵਾਈ ਅੱਡੇ 'ਤੇ ਹਫੜਾ-ਦਫੜੀ ਦਾ ਮਹੌਲ ਪੈਦਾ ਹੋਣ ਦੇ ਬਾਅਦ ਕਈ ਲੋਕ ਮਾਰੇ ਗਏ ਸਨ |
ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕਰਨ ਵਾਲਾ ਅਤੇ ਕਈ ਸ਼ਹਿਰਾਂ ਨੂੰ ਬਿਨਾਂ ਲੜਾਈ ਦੇ ਜਿੱਤਣ ਵਾਲਾ ਤਾਲਿਬਾਨ ਸਾਲ 1990 ਦੇ ਵਹਿਸ਼ੀ ਸ਼ਾਸਨ ਦੇ ਉਲਟ ਖ਼ੁਦ ਨੂੰ ਜ਼ਿਆਦਾ ਨਰਮ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਕਈ ਅਫ਼ਗ਼ਾਨੀ ਹਾਲੇ ਵੀ ਚਿੰਤਤ ਹਨ |
ਤਾਲਿਬਾਨ ਦੇ ਸਭਿਆਚਾਰਕ ਕਮਿਸ਼ਨ ਦੇ ਮੈਂਬਰ ਇਨਾਮੁੱਲਾ ਸਮਾਨਗਨੀ ਨੇ ਪਹਿਲੀ ਵਾਰ ਸੰਘੀ ਪੱਧਰ 'ਤੇ ਸ਼ਾਸਨ ਵਲੋਂ ਟਿਪਣੀ ਕੀਤੀ ਹੈ | ਕਾਬੁਲ ਵਿਚ ਜੰਗ ਦੀ ਕੋਈ ਵੱਡੀ ਘਟਨਾ ਹਾਲੇ ਤਕ ਦਰਜ ਨਹੀਂ ਕੀਤੀ ਗਈੇ | ਤਾਲਿਬਾਨ ਵਲੋਂ ਜੇਲਾਂ 'ਤੇ ਕਬਜ਼ਾ ਕਰ ਕੇ ਕੈਦੀਆਂ ਨੂੰ ਆਜ਼ਾਦ ਕਰਾਉਣ ਅਤੇ ਹਥਿਆਰਾਂ ਨੂੰ ਲੁੱਟਣ ਦੀ ਘਟਨਾ ਦੇ ਬਾਅਦ ਲੋਕ ਘਰਾਂ ਵਿਚ ਕੈਦ ਹਨ ਤੇ ਡਰੇ ਹੋਏ ਹਨ | ਕਈ ਔਰਤਾਂ ਨੇ ਖਦਸ਼ਾ ਜਤਾਇਆ ਹੇ ਕਿ ਅਫ਼ਗ਼ਾਨਿਸਤਾਨ ਦੇ ਪੁਨਰ ਨਿਰਮਾਣ ਦੌਰਾਨ ਔਰਤਾਂ ਨੂੰ ਹੋਰ ਅਧਿਕਾਰ ਦੇਣ ਦਾ ਪਛਮੀ ਪ੍ਰਯੋਗ ਤਾਲਿਬਾਨ ਦੇ ਸ਼ਾਸਨ ਵਿਚ ਕਾਇਮ ਨਹੀਂ ਰਹੇਗਾ |
ਸਮਾਨਗਨੀ ਨੇ ਕਿਹਾ, 'ਇਸਲਾਮੀ ਅਮੀਰਾਤ (ਤਾਲਿਬਾਨ ਵਲੋਂ ਐਲਾਨਿਆ ਗਿਆ ਅਫ਼ਗ਼ਾਨਿਸਤਾਨ ਦਾ ਨਾਂ) ਨਹੀਂ ਚਾਹੁੰਦਾ ਕਿ ਔਰਤਾਂ ਪੀੜਤ ਹੋਣ | ਉਨ੍ਹਾਂ ਨੂੰ ਸ਼ਰਿਆ ਕਾਨੂੰਨ ਤਹਿਤ ਸਰਕਾਰੀ ਢਾਂਚੇ ਵਿਚ ਸ਼ਾਮਲ ਹੋਣਾ ਚਾਹੀਦਾ |'' ਉਸ ਨੇ ਕਿਹਾ, ''ਸਰਕਾਰ ਦਾ ਢਾਂਚਾ ਹੁਣ ਤਕ ਸਪਸ਼ਟ ਨਹੀਂ ਹੈ ਪਰ ਤਜਰਬੇ ਨਾਲ ਕਹਿ ਸਕਦਾ ਹਾਂ ਕਿ ਇਹ ਪੂਰੀ ਤਰ੍ਹਾਂ ਇਸਲਾਮਕ ਅਗਵਾਈ ਵਾਲਾ ਹੋਵੇਗਾ ਅਤੇ ਸਾਰੇ ਪੱਖ ਇਸ ਵਿਚ ਸ਼ਾਮਲ ਹੋਣਗੇ | ਸਮਾਨਗਨੀ ਨੇ ਹਾਲਾਂਕਿ ਅਸਪਸ਼ਟ ਜਾਣਕਾਰੀ ਦਿਤੀ ਹੈ ਪਰ ਉਥੇ ਰਹਿ ਰਹੇ
ਲੋਕ
ਜਾਣਦੇ ਹਨ ਕਿ ਤਾਲਿਬਾਨ ਇਸਲਾਮੀ ਕਾਨੂੰਨ ਲਾਗੂ ਕਰੇਗਾ, ਜਿਨ੍ਹਾਂ ਦੀ ਪਾਲਣਾ ਕਰਨੀ ਹੋਵੇਗੀ | ਸਮਾਨਗਨੀ ਨੇ ਕਿਹਾ, ''ਸਾਡੇ ਲੋਕ ਮੁਸਲਿਮ ਹਨ ਅਤੇ ਅਸੀਂ ਉਨ੍ਹਾਂ ਨੂੰ ਜਬਰਨ ਇਸਲਾਮ ਕਬੂਲ ਨਹੀਂ ਕਰਾਉਣਾ ਚਾਹੁੰਦੇ |'' ਤਾਲਿਬਾਨ ਨੇ ਅਪਣੀ ਨਵੀਂ ਦਿਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਹਿਤ ਇਕ ਟੀਵੀ ਚੈਨਲ ਟੋਲੋ ਦੀ ਮਹਿਲਾ ਐਂਕਰ ਨੇ ਤਾਲਿਬਾਨ ਅਧਿਕਾਰੀ ਦਾ ਮੰਗਲਵਾਰ ਨੂੰ ਕੈਮਰੇ ਦੇ ਸਾਹਮਣੇ ਇੰਟਰਵੀਊ ਲਿਆ, ਜਿਸ ਦੀ ਪਹਿਲੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ |