
250 ਜਥੇਬੰਦੀਆਂ ਨੇ 25 ਸਤੰਬਰ ਨੂੰ ਪੰਜਾਬ ਬੰਦ ਕਰਨ ਦੀ ਪੂਰੀ ਹਮਾਇਤ ਕੀਤੀ
ਅੰਮ੍ਰਿਤਸਰ, 17 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਮੋਦੀ ਸਰਕਾਰ ਵਲੋਂ ਪੰਜਾਬ ਦੇ ਕਿਸਾਨੀ ਕਿਤੇ ਨੂੰ ਬਰਬਾਦ ਕਰਨ ਤੇ ਦੇਸ਼ ਸੰਘੀ ਢਾਂਚੇ ਨੂੰ ਤੋੜਨ ਲਈ ਲਿਆਂਦੇ ਤਿੰਨੇ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿਲ 2020 ਦੇ ਵਿਰੁਧ ਸੰਘਰਸ਼ ਤਿੱਖਾ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਅੱਜ ਹੋਈ ਮੀਟਿੰਗ ਵਿਚ ਕੀਤੇ ਫ਼ੈਸਲਿਆਂ ਦੀ ਜਾਣਕਾਰੀ ਲਿਖਤੀ ਪ੍ਰੈੱਸ ਨੋਟ ਰਾਂਹੀ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਸਿਆ ਕਿ ਪੰਜਾਬ ਤੇ ਦੇਸ਼ ਭਰ ਵਿਚ ਆਰਡੀਨੈਂਸਾਂ ਵਿਰੁਧ ਚੱਲ ਰਹੇ ਘੋਲ ਦੀ ਪੁਰਜੋਰ ਹਮਾਇਤ ਕਰਦਿਆਂ 24 ਸਤੰਬਰ ਤੋ 26 ਸਤੰਬਰ ਤਕ (48 ਘੰਟੇ) ਰੇਲ ਰੋਕ ਅੰਦੋਲਨ ਕੀਤਾ ਜਾਵੇਗਾ ਤੇ ਜੇਲ ਭਰੋ ਮੋਰਚਾ ਤਿੰਨ ਡੀ.ਸੀ. ਦਫ਼ਤਰਾਂ ਅੱਗੇ 1 ਅਕਤੂਬਰ ਤਕ ਲਗਾਤਾਰ ਜਾਰੀ ਰਹੇਗਾ।
ਕਿਸਾਨ ਆਗੂਆਂ ਨੇ ਅੱਗੇ ਦਸਿਆ ਕਿ 250 ਕਿਸਾਨ ਮਜ਼ਦੂਰ ਜਥੇਬੰਦੀਆਂ ਉਤੇ ਅਧਾਰਿਤ ਤਾਲਮੇਲ ਸੰਘਰਸ਼ ਕਮੇਟੀ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿਤੇ ਸੱਦੇ ਨੂੰ ਭਰਪੂਰ ਸਮਰਥਨ ਦਿਤਾ ਜਾਵੇਗਾ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ, ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਪੰਜਾਬ ਬੰਦ ਦੇ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਤੇ ਇਸ ਅੰਦੋਲਨ ਨੂੰ ਪੰਜਾਬ ਦੇ ਸਾਰੇ ਵਰਗਾਂ ਦਾ ਸੰਘਰਸ਼ ਬਣਾਉਣ ਦਾ ਸੱਦਾ ਦਿਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਾਦਲ
ਪਿੰਡ ਤੇ ਪਟਿਆਲੇ ਵਿਚ ਲੱਗੇ ਮੋਰਚਿਆਂ ਦੀ ਪੁਰਜੋਰ ਹਮਾਇਤ ਕੀਤੀ ਗਈ ਹੈ ਤੇ 20 ਸਤੰਬਰ ਨੂੰ ਇਨ੍ਹਾਂ ਮੋਰਚਿਆਂ ਵਿਚ ਜੱਥੇ ਭੇਜ ਕੇ ਚੱਲ ਰਹੇ ਅੰਦੋਲਨ ਦਾ ਸਮਰਥਨ ਕੀਤਾ ਜਾਵੇਗਾ। ਇਸੇ ਤਰ੍ਹਾਂ ਹਰਿਆਣੇ ਵਿਚ ਕਿਸਾਨ ਜਥੇਬੰਦੀਆਂ ਵਲੋਂ 20 ਸਤੰਬਰ ਨੂੰ ਸੜਕਾਂ ਜਾਮ ਕਰਨ ਦੇ ਅੰਦੋਲਨ ਦੀ ਹਮਾਇਤ ਵਿਚ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਉੱਤੇ ਇਕੱਠ ਕਰ ਕੇ ਪੁਤਲੇ ਫੂਕ ਰੋਸ ਮੁਜਾਹਰੇ ਕੀਤੇ ਜਾਣਗੇ। ਇਸ ਮੌਕੇ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ ਆਦਿ ਹਾਜ਼ਰ ਸਨ।
20 ਸਤੰਬਰ ਨੂੰ ਬਾਦਲ ਪਿੰਡ ਤੇ ਪਟਿਆਲੇ ਲੱਗੇ ਧਰਨਿਆਂ ਵਿਚ ਜੱਥੇ ਭੇਜਣ ਦਾ ਐਲਾਨ
imageਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।