
'ਆਪ' ਆਗੂਆਂ ਨੇ ਵੀ ਪਾਏ ਬਾਦਲਾਂ ਦੇ ਘਰਾਂ ਨੂੰ ਚਾਲੇ
ਹਰਪਾਲ ਚੀਮਾ ਦੀ ਅਗਵਾਈ ਹੇਠ ਬਠਿੰਡਾ ਤੋਂ ਬਾਦਲ ਤਕ ਕਢਿਆ ਟਰੈਕਟਰ ਮਾਰਚ
ਬਠਿੰਡਾ, 17 ਸਤੰਬਰ (ਸੁਖਜਿੰਦਰ ਮਾਨ) : ਕੇਂਦਰ ਵਲੋਂ ਪਹਿਲਾਂ ਜਾਰੀ ਖੇਤੀ ਆਰਡੀਨੈਂਸਾਂ ਨੂੰ ਹੁਣ ਬਿਲਾਂ 'ਚ ਤਬਦੀਲ ਕਰਨ ਦੇ ਵਿਰੋਧ 'ਚ ਅੱਜ ਆਮ ਆਦਮੀ ਪਾਰਟੀ ਪੰਜਾਬ ਵਲੋਂ ਬਠਿੰਡਾ ਤੋਂ ਪਿੰਡ ਬਾਦਲ ਤਕ ਟਰੇਕਟਰ ਮਾਰਚ ਕਢਿਆ ਗਿਆ। ਮਾਰਚ ਦੀ ਅਗਵਾਈ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਲੋਂ ਕੀਤੀ ਗਈ।
ਬਾਦਲ ਪਿੰਡ ਪੁੱਜ ਕੇ ਆਪ ਆਗੂਆਂ ਤੇ ਵਲੰਟੀਅਰਾਂ ਵਲੋਂ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਬਾਦਲਾਂ ਦੀ ਰਿਹਾਇਸ਼ ਦਾ ਘਿਰਾਉ ਕੀਤਾ ਗਿਆ। ਬਠਿੰਡਾ ਤੋਂ ਮਾਰਚ ਦੇ ਚੱਲਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਬਾਦਲ ਪਰਵਾਰ ਇਸ ਮੁੱਦੇ 'ਤੇ ਦੋਹਰੀ ਨੀਤੀ ਉਪਰ ਚੱਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਇਸ ਆਰਡੀਨੈਂਸਾਂ ਦੇ ਹੱਕ ਵਿਚ ਡਟੇ ਰਹੇ ਅਕਾਲੀ ਦਲ ਵਲੋਂ ਹੁਣ ਕਿਸਾਨਾਂ, ਮਜ਼ਦੂਰਾਂ ਤੇ ਪੰਜਾਬੀਆਂ ਦੇ ਅੰਦਰ ਪੈਦਾ ਹੋ ਰਹੇ ਰੋਹ ਨੂੰ ਦੇਖਦਿਆਂ ਅਚਾਨਕ ਮੋੜਾ ਕੱਟ ਲਿਆ ਗਿਆ। ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਖੇਤੀ ਆਰਡੀਨੈਸਾਂ ਦੇ ਨਾਂ ਉਪਰ ਪੰਜਾਬ ਦੇ ਲੋਕਾਂ ਤੇ ਇੱਥੋਂ ਤੱਕ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਕੇਂਦਰ ਵਲੋਂ ਬਣਾਈ ਹਾਈ ਪਾਵਰ ਕਮੇਟੀ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਵਲੋਂ ਸਹਿਮਤੀ ਦਿੱਤੀ ਗਈ ਪ੍ਰੰਤੂ ਬਾਹਰ ਉਹ ਹੋਰ ਬੋਲੀ ਬੋਲ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸਪੱਸ਼ਟ ਰੂਪ ਵਿੱਚ ਸੰਸਦ ਵਿੱਚ ਇਹਨਾਂ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿਚ ਸਹਿਮਤੀ ਦੇ ਕੇ ਪੰਜਾਬ ਅਤੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਪੱਲੇਦਾਰਾਂ, ਟਰਾਂਸਪੋਰਟਰਾਂ ਨਾਲ ਧੋਖਾ ਕੀਤਾ ਹੈ , ਜਿਸਦੇ ਚੱਲਦੇ ਕਿਸਾਨਾਂ ਤੇ ਪੰਜਾਬ ਹਿਤੈਸ਼ੀ ਕਹਾਉਣ ਵਾਲੇ ਬਾਦਲਾਂ ਦਾ ਚਿਹਰਾ ਹੁਣ ਬਿੱਲਕੁਲ ਨੰਗਾ ਹੋ ਗਿਆ ਹੈ। ਇਸ ਮੌਕੇ ਪਾਰਟੀ ਦੇ ਕਿਸਾਨ ਵਿੰਗ ਦੇ ਨੇਤਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ, ਸਾਬਕਾ ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਸਿੰਘ ਰਾਜਨ, ਵਿਧਾਇਕਾ ਰੁਪਿੰਦਰ ਕੌਰ ਤੇ ਬਲਜਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
image
ਇਸ ਖ਼ਬਰ ਨਾਲ ਸਬੰਧਤ ਫੋਟੋ 17 ਬੀਟੀਆਈ 03 ਨੰਬਰ ਵਿਚ ਭੇਜੀ ਜਾ ਰਹੀ ਹੈ।