
ਨਵਜੋਤ ਸਿੱਧੂ ਨੇ ਟਵੀਟ ਕਰ ਨਿਸ਼ਾਨੇ ਸਾਧੇ
ਚੰਡੀਗੜ੍ਹ, 17 ਸਤੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਦਿੱਲੀ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਕੀਤੇ ਸੰਸਦ ਵਲ ਮਾਰਚ ਅਤੇ ਆਮ ਆਦਮੀ ਪਾਰਟੀ ਵਲੋਂ ਪੰਜਾਬ 'ਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੀਤੇ ਮਾਰਚਾਂ 'ਤੇ ਟਵੀਟ ਕਰ ਕੇ ਅਪਣੀ ਪ੍ਰਤੀਕਿਰਿਆ ਦਿੰਦੇ ਹੋਏ ਦੋਹਾਂ ਉਪਰ ਤਿੱਖੇ ਨਿਸ਼ਾਨੇ ਸਾਧੇ ਹਨ | ਟਵੀਟ 'ਚ ਵੀਡੀਉ ਰਾਹੀਂ ਬਾਦਲ ਸਰਕਾਰ ਸਮੇਂ ਬਣੇ ਕੰਟਰੈਕਟ ਫ਼ਾਰਮਿੰਗ ਐਕਟ 2013 ਦਾ ਇਕ ਹਿੱਸਾ ਵੀ ਉਨ੍ਹਾਂ ਸਾਂਝਾ ਕੀਤਾ | ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਾਦਲ ਸਰਕਾਰ ਦੇ ਐਕਟ ਦਾ ਬਲਿਊ ਪਿ੍ੰਟ ਲੈ ਕੇ ਇਸ ਤੋਂ ਸੇਧ ਲੈ ਕੇ ਹੀ ਤਿੰਨ ਖੇਤੀ ਕਾਨੂੰਨਾਂ ਬਣਾਏ ਅਤੇ ਹੁਣ ਅਕਾਲੀ ਦਿੱਲੀ ਵਿਚ ਖੇਤੀ ਕਾਨੂੰਨਾਂ ਵਿਰੁਧ ਮਾਰਚ ਕਰ ਕੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ, ਜਦਕਿ ਖੇਤੀ ਕਾਨੂੰਨ ਬਣਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੇ ਇਨ੍ਹਾਂ ਦੇ ਹੱਕ 'ਚ ਦਿਤੇ ਬਿਆਨਾਂ ਨੂੰ ਉਹ ਝੁਠਲਾ ਨਹੀਂ ਸਕਦੇ, ਪਰ ਹੁਣ ਸਫੈਦ ਝੂਠ ਬੋਲ ਰਹੇ ਹਨ |
ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਸਿੱਧੂ ਨੇ ਕਿਹਾ ਕਿ ਦਸੰਬਰ 20202 ਵਿਚ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪ੍ਰਾਈਵੇਟ ਮੀਡੀਆ ਸਥਾਪਤ ਕਰਨ ਲਈ ਕੇਂਦਰ ਦੇ ਤਿੰਨ ਖੇਤੀ ਬਿਲਾਂ 'ਚੋਂ ਇਕ ਨੂੰ ਲਾਗੂ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ | ਇਸ ਉਸ ਸਮੇਂ ਕੀਤਾ ਗਿਆ ਜਦੋਂ ਲੱਖਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਉਪਰ ਬੈਠੇ ਸਨ ਪਰ ਬਾਅਦ ਵਿਚ ਵਿਵਾਦ ਪੈਦਾ ਹੋਣ ਕਾਰਨ ਵਿਧਾਨਸਭਾ ਦਾ ਸੈਸ਼ਲ ਸੱਦ ਕੇ ਕੇਂਦਰੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਦਨ ਵਿਚ ਪਾੜਨ ਦਾ ਡਰਾਮਾ ਕੀਤਾ ਗਿਆ | ਸਿੱਧੂ ਨੇ ਸਵਾਲ ਪੁਛਿਆ ਕਿ ਕੀ ਜਾਰੀ ਨੋਟੀਫ਼ਿਕੇਸ਼ਨ ਨੂੰ ਕੇਜਰੀਵਾਲ ਸਰਕਾਰ ਨੇ ਅੱਜ ਤਕ ਡੀ-ਨੋਟੀਫ਼ਾਈ ਕੀਤਾ ਹੈ?