
ਸਿੱਖ ਸੰਗਤ ਨੇ ਕਰਤਾਰਪੁਰ ਸਾਹਿਬ ਦੇ ਸਨਮੁਖ ਹੋ ਕੇ ਲਾਂਘਾ ਖੁਲ੍ਹਣ ਦੀ ਅਰਦਾਸ ਕੀਤੀ
ਅੰਮਿ੍ਤਸਰ, 17 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਰਤਾਰਪੁਰ ਸਾਹਿਬ ਦੇ ਸਨਮੁਖ ਹੋ ਕੇ ਭਾਰਤ ਪਾਕਿ ਸਰਹੱਦ 'ਤੇ ਸੰਗਤ ਨੇ ਅਰਦਾਸ, ਲਾਂਘਾ ਖੁੱਲ੍ਹਵਾਉਣ ਵਾਸਤੇ ਕੀਤੀ | ਜਥੇਬੰਦੀ ਮੁਖੀ ਭਬੀਸ਼ਨ ਸਿੰਘ ਗੁਰਾਇਆ ਨੇ ਦੁੱਖ ਪ੍ਰਗਟਾਇਆ ਕਿ ਪਾਕਿ ਸਰਕਾਰ ਦੇ ਲਾਂਘਾ ਖੋਲ੍ਹਣ ਦੇ ਐਲਾਨ ਦੇ ਬਾਵਜੂਦ ਅਜੇ ਤਕ ਕੋਈ ਹਿਲਜੁਲ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਦਰਖ਼ਾਸਤਾਂ ਲੈਣੀਆਂ ਸ਼ੁਰੂ ਕੀਤੀਆਂ ਹਨ | 28 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਹੁਣ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਦਿਤਾ ਜਾਵੇ | ਉਪਰੰਤ ਮੀਡੀਏ ਵਿਚ ਸਰਕਾਰ ਤਰਫੋਂ ਖ਼ਬਰ ਆਈ ਸੀ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਹਾੜੇ ਨੂੰ ਲਾਂਘਾ ਖੋਲ੍ਹ ਦਿਤਾ ਜਾਵੇਗਾ | (ਧਿਆਨ ਰਹੇ ਪਾਕਿਸਤਾਨ ਸਰਕਾਰ ਜੋਤੀ ਜੋਤ ਦਿਨ 22 ਸਤੰਬਰ ਨੂੰ ਮਨਾਉਦੀ ਹੈ) ਸਰਹੱਦ 'ਤੇ ਮੌਜੂਦ ਬੀ.ਐਸ.ਐਫ਼ ਅਫ਼ਸਰਾਂ ਨੇ ਵੀ ਦਸਿਆ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਕਿ ਲਾਂਘਾ ਦੁਬਾਰਾ ਖੁੱਲ੍ਹ ਰਿਹਾ ਹੈ | ਉਧਰ ਕੇਂਦਰ ਸਰਕਾਰ ਦੀ ਦਾਖ਼ਲਾ ਵੈਬਸਾਈਟ ਜਿਥੇ ਆਨਲਾਈਨ ਦਰਖ਼ਾਸਤ ਦਿਤੀ ਜਾਂਦੀ ਸੀ, ਉਸ ਦਾ ਲਿੰਕ ਬੰਦ ਹੈ | ਉਨ੍ਹਾਂ ਮੰਗ ਕੀਤੀ ਕਿ ਯਾਤਰਾ ਵੇਲੇ ਪਾਸਪੋਰਟ ਦੀ ਸ਼ਰਤ ਹਟਾਈ ਜਾਵੇ ਅਤੇ ਅਧਾਰ ਕਾਰਡ ਦੇ ਸਿਰ 'ਤੇ ਯਾਤਰਾ ਪਰਵਾਨ ਕੀਤੀ ਜਾਵੇ | ਅਰਦਾਸ ਮੌਕੇ ਗੁਰਾਇਆ ਤੋਂ ਇਲਾਵਾ ਰਾਜ ਸਿੰਘ, ਵੈਦ ਲਖਵਿੰਦਰ ਸਿੰਘ, ਅਰਵਿੰਦ ਅਰੋੜਾ, ਪਿੰਸੀਪਲ (ਰੀਟਾਇਡ) ਸੁਰਿੰਦਰ ਸਿੰਘ ਆਹੂਜਾ ਅਤੇ ਕਈ ਹੋਰ ਗੁਰਸਿਖ ਮੌਜੂਦ ਸਨ |
ਕੈਪਸ਼ਨ—ਏ ਐਸ ਆਰ ਬਹੋੜੂ— 17— 2—
ਬੀ ਐਸ ਗੁਰਾਇਆ ਤੇ ਜਥੇਬੰਦੀ ਲਾਂਘੇ ਖੁੱਲਣ ਦੀ ਅਰਦਾਸ ਕਰਦੀ ਹੋਈ |