
ਦਿੱਲੀ ਪਰਤ ਕੇ ਯਾਤਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਅੰਮ੍ਰਿਤਸਰ: ਦਿੱਲੀ ਤੋਂ ਸਪਾਈਸ ਜੈੱਟ ਦੀ ਫਲਾਈਟ ਨੂੰ ਲੇਹ 'ਚ ਖ਼ਰਾਬ ਮੌਸਮ ਕਾਰਨ ਅੰਮ੍ਰਿਤਸਰ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਖ਼ਰਾਬ ਮੌਸਮ ਕਾਰਨ ਇਹ ਫਲਾਈਟ ਰਾਤ ਨੂੰ ਹੀ ਦਿੱਲੀ ਪਰਤ ਗਈ ਪਰ ਜਿਵੇਂ ਹੀ ਦਿੱਲੀ ਪਰਤੀ ਤਾਂ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਸਪਾਈਸ ਜੈੱਟ ਨੂੰ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਲੇਹ ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ ਐਸਜੀ 123 ਨੇ ਕਰੀਬ 5 ਘੰਟੇ ਦੀ ਦੇਰੀ ਨਾਲ 3.15 ਵਜੇ ਦੇ ਕਰੀਬ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਉਡਾਣ ਭਰੀ। ਫਲਾਈਟ ਲੇਹ ਪਹੁੰਚ ਗਈ ਪਰ ਖ਼ਰਾਬ ਮੌਸਮ ਕਾਰਨ ਇਸ ਨੂੰ ਲੇਹ 'ਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਤੋਂ ਬਾਅਦ ਫਲਾਈਟ ਨੂੰ ਅੰਮ੍ਰਿਤਸਰ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਲੇਹ 'ਚ ਮੌਸਮ ਖ਼ਰਾਬ ਹੋਣ ਦਾ ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਫਲਾਈਟ ਨੂੰ ਮੁੜ ਦਿੱਲੀ ਵੱਲ ਰਵਾਨਾ ਕਰ ਦਿੱਤਾ ਗਿਆ ਪਰ ਸਪਾਈਸ ਜੈੱਟ ਦੀਆਂ ਪਰੇਸ਼ਾਨੀਆਂ ਇੱਥੇ ਹੀ ਖ਼ਤਮ ਨਹੀਂ ਹੋਈਆਂ ਕਿਉਂਕਿ ਯਾਤਰੀਆਂ ਨੇ ਰਨਵੇਅ 'ਤੇ ਹੀ ਧਰਨਾ ਦੇ ਦਿੱਤਾ।
ਸਪਾਈਸਜੈੱਟ ਦੀ ਫਲਾਈਟ ਐਸਜੀ 123 ਸ਼ਨੀਵਾਰ ਦੇਰ ਰਾਤ ਦਿੱਲੀ ਵਿਚ ਲੈਂਡ ਹੋਈ, ਪਰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਉੱਤੇ ਉਤਰਦੇ ਹੀ ਯਾਤਰੀਆਂ ਨੇ ਰਨਵੇਅ ’ਤੇ ਬੈਠ ਕੇ ਧਰਨਾ ਲਗਾ ਦਿੱਤਾ। ਯਾਤਰੀਆਂ ਨੇ ਰੋਸ ਪ੍ਰਦਰਸ਼ਨ ਕਰ ਨਾਅਰੇਬਾਜ਼ੀ ਕੀਤੀ ਅਤੇ ਭਾਰਤ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।
ਯਾਤਰੀਆਂ ਦੇ ਵਿਰੋਧ ਦੇ ਮੱਦੇਨਜ਼ਰ ਸਪਾਈਸ ਜੈੱਟ ਵੱਲੋਂ ਯਾਤਰੀਆਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਸਪਾਈਸ ਜੈੱਟ ਨੇ ਯਾਤਰੀਆਂ ਲਈ ਲੇਹ ਜਾਣ ਦਾ ਵੀ ਪ੍ਰਬੰਧ ਕੀਤਾ ਹੈ।