
'ਕਿਸੇ ਵੀ ਵਿਦਿਆਰਥਣ ਦੀ ਨਹੀਂ ਹੈ ਕੋਈ ਵੀਡੀਓ'
ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦੀ ਘਟਨਾ ਨੂੰ ਲੈ ਕੇ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ.ਆਰ.ਐਸ.ਬਾਵਾ ਦਾ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, ‘ਅਫਵਾਹਾਂ ਹਨ ਕਿ 7 ਲੜਕੀਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਸੱਚਾਈ ਇਹ ਹੈ ਕਿ ਕਿਸੇ ਵੀ ਲੜਕੀ ਨੇ ਅਜਿਹਾ ਕਦਮ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਘਟਨਾ 'ਚ ਕਿਸੇ ਵੀ ਲੜਕੀ ਨੂੰ ਹਸਪਤਾਲ 'ਚ ਦਾਖਲ ਨਹੀਂ ਕਰਵਾਇਆ ਗਿਆ ਹੈ।
ਡਾ: ਬਾਵਾ ਨੇ ਅੱਗੇ ਕਿਹਾ, “ਇਕ ਹੋਰ ਅਫਵਾਹ ਹੈ ਜੋ ਮੀਡੀਆ ਰਾਹੀਂ ਫੈਲਾਈ ਜਾ ਰਹੀ ਹੈ ਕਿ ਵੱਖ-ਵੱਖ ਵਿਦਿਆਰਥੀਆਂ ਦੇ 60 ਇਤਰਾਜ਼ਯੋਗ ਐਮ.ਐਮ.ਐਸ ਪਾਏ ਗਏ ਹਨ। ਇਹ ਪੂਰੀ ਤਰ੍ਹਾਂ ਝੂਠ ਅਤੇ ਬੇਬੁਨਿਆਦ ਹੈ। ਯੂਨੀਵਰਸਿਟੀ ਵੱਲੋਂ ਕੀਤੀ ਗਈ ਮੁਢਲੀ ਜਾਂਚ ਦੌਰਾਨ ਕਿਸੇ ਵੀ ਵਿਦਿਆਰਥਣ ਦਾ ਕੋਈ ਵੀ ਵੀਡੀਓ ਨਹੀਂ ਮਿਲਿਆ ਜੋ ਇਤਰਾਜ਼ਯੋਗ ਹੋਵੇ। ਵਿਦਿਆਰਥਣ ਨੇ ਆਪਣੇ ਬੁਆਏਫ੍ਰੈਂਡ ਨੂੰ ਆਪਣੀ ਹੀ ਨਿੱਜੀ ਵੀਡੀਓ ਬਣਾ ਕੇ ਸਾਂਝੀ ਕੀਤੀ ਸੀ।
ਹੋਰ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਦੀਆਂ ਸਾਰੀਆਂ ਖਬਰਾਂ ਪੂਰੀ ਤਰ੍ਹਾਂ ਝੂਠੀਆਂ ਅਤੇ ਬੇਬੁਨਿਆਦ ਹਨ। ਵਿਦਿਆਰਥੀਆਂ ਦੀ ਬੇਨਤੀ 'ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਖੁਦ ਪੰਜਾਬ ਪੁਲਿਸ ਵਿਭਾਗ ਨੂੰ ਅਗਲੇਰੀ ਜਾਂਚ ਸੌਂਪ ਦਿੱਤੀ ਹੈ, ਜਿਸ ਨੇ ਇੱਕ ਲੜਕੀ ਨੂੰ ਹਿਰਾਸਤ ਵਿੱਚ ਲੈ ਕੇ ਆਈਟੀ ਐਕਟ ਤਹਿਤ ਐਫਆਈਆਰ ਦਰਜ ਕਰ ਲਈ ਹੈ। ਸਾਰੇ ਮੋਬਾਈਲ ਫੋਨ ਅਤੇ ਹੋਰ ਸਮੱਗਰੀ ਅਗਲੇਰੀ ਜਾਂਚ ਲਈ ਪੁਲਿਸ ਹਵਾਲੇ ਕਰ ਦਿੱਤੀ ਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਪੁਲਿਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ।
ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਸਾਡੇ ਸਾਰੇ ਵਿਦਿਆਰਥੀਆਂ ਖਾਸ ਕਰਕੇ ਸਾਡੀਆਂ ਧੀਆਂ ਵਰਗੀਆਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਸਮਰੱਥ ਹੈ।