
ਫ਼ਰੀਦਕੋਟ 'ਚ ਗੁਰਦਵਾਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਆਪਸ ਵਿਚ ਭਿੜੀਆਂ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਚਲੀਆਂ ਕ੍ਰਿਪਾਨਾਂ ਅਤੇ ਪੱਗਾਂ ਲੱਥੀਆਂ, ਪਤੀ-ਪਤਨੀ ਜ਼ਖ਼ਮੀ
ਕੋਟਕਪੂਰਾ, 17 ਸਤੰਬਰ (ਗੁਰਿੰਦਰ ਸਿੰਘ) : ਇਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ 'ਪੰਥ ਲਈ ਨਹੀਂ ਬਲਕਿ ਗੁਰਦਵਾਰਿਆਂ 'ਤੇ ਕਬਜ਼ੇ ਲਈ ਲੜ ਰਹੇ ਹਨ ਜ਼ਿਆਦਾਤਰ ਸਿੱਖ' ਬਿਆਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਤੇ ਦੂਜੇ ਪਾਸੇ 'ਜਥੇਦਾਰ' ਦੇ ਉਕਤ ਬਿਆਨ ਨੂੰ ਅਮਲੀਜਾਮਾ ਪਹਿਨਾਉਂਦਿਆਂ ਫ਼ਰੀਦਕੋਟ ਦੀ ਜਰਮਨ ਕਲੋਨੀ ਵਿਚ ਸਥਿਤ ਗੁਰਦਵਾਰਾ ਸਾਹਿਬ ਵਿਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਹੋਈ ਲੜਾਈ ਵਿਚ ਦੋਨੋਂ ਧਿਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਕ ਦੂਜੇ ਦੀਆਂ ਪੱਗਾਂ ਲਾਹੁਣ ਤੋਂ ਗੁਰੇਜ਼ ਨਾ ਕੀਤਾ | ਗੁਰਦਵਾਰੇ ਦੇ ਅੰਦਰ ਕਿਰਪਾਨਾਂ ਚਲੀਆਂ, ਗੰਦੀਆਂ ਗਾਲਾਂ ਕੱਢੀਆਂ ਗਈਆਂ ਤੇ ਦੋਹਾਂ ਧਿਰਾਂ ਨੇ ਗੁਰਦਵਾਰਾ ਸਾਹਿਬ ਦੀ ਮਰਿਆਦਾ ਨੂੰ ਛਿੱਕੇ ਟੰਗ ਕੇ ਗੁਰੂ ਗ੍ਰੰਥ ਸਾਹਿਬ ਮੂਹਰੇ ਪਈਆਂ ਕਿਰਪਾਨਾਂ ਚੁੱਕ ਕੇ ਹਮਲਾ ਕਰ ਦਿਤਾ ਜਿਸ ਵਿਚ ਪਤੀ-ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ |
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਜ਼ੇਰੇ ਇਲਾਜ ਪ੍ਰਭਜੋਤ ਕੌੌਰ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦਸਿਆ ਕਿ ਹਮਲਾਵਰਾਂ ਦੇ ਹਮਲੇ ਕਾਰਨ ਕਿਰਪਾਨਾਂ ਦੀਆਂ ਸੱਟਾਂ ਕਰ ਕੇ ਉਹ ਤੇ ਉਸ ਦਾ ਪਤੀ ਨਰਵਿੰਦਰਪਾਲ ਸਿੰਘ ਜ਼ਖ਼ਮੀ ਹੋ ਗਏ | ਸ਼ਿਕਾਇਤਕਰਤਾ ਮੁਤਾਬਕ ਗੁਰਦਵਾਰਾ ਸਾਹਿਬ ਵਿਚ ਸੰਗਰਾਂਦ ਦਾ ਸਮਾਗਮ ਹੋਣ ਕਰ ਕੇ ਸੰਗਤ ਦੀ ਭਰਵੀਂ ਹਾਜ਼ਰੀ ਸੀ ਅਤੇ ਜੇਕਰ ਸੰਗਤਾਂ
ਹਮਲਾਵਰਾਂ ਨੂੰ ਸ਼ਾਂਤ ਨਾ ਕਰਦੀਆਂ ਅਤੇ ਲੜਾਈ ਹਟਾਉਣ ਲਈ ਦਿਲਚਸਪੀ ਨਾ ਲੈਂਦੀਆਂ ਤਾਂ ਖ਼ੂਨੀ ਟਕਰਾਅ ਹੋ ਸਕਦਾ ਸੀ |
ਪ੍ਰਭਜੋਤ ਕੌਰ ਨੇ ਦਸਿਆ ਕਿ ਸੰਗਰਾਂਦ ਦੇ ਸਮਾਗਮ ਦੀ ਸਮਾਪਤੀ ਉਪਰੰਤ ਪ੍ਰਧਾਨ ਜਸਵੰਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਜਦ ਉਹ ਮਾਈਕ ਤੋਂ ਪਾਸੇ ਹੋਣ ਲੱਗੇ ਤਾਂ ਸਾਬਕਾ ਪ੍ਰਧਾਨ ਨੇ ਅਪਣੇ ਸਾਥੀਆਂ ਸਮੇਤ ਜਸਵੰਤ ਸਿੰਘ ਉਪਰ ਹਮਲਾ ਕਰ ਦਿਤਾ | ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਪਈਆਂ ਤਲਵਾਰਾਂ ਚੁਕ ਲਈਆਂ ਤੇ ਉਸ ਤੋਂ ਬਾਅਦ ਦਰਬਾਰ ਹਾਲ ਦੇ ਅੰਦਰ ਹੀ ਹੰਗਾਮਾ ਖੜਾ ਹੋ ਗਿਆ | ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਸੰਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਮੌਕੇ 'ਤੇ ਪੁੱਜੀ, ਜਿਥੇ ਹਮਲਾਵਰ ਕਿਰਪਾਨਾਂ ਸੁੱਟ ਕੇ ਫ਼ਰਾਰ ਹੋ ਚੁੱਕੇ ਸਨ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਾਰੇ ਸ਼ਸ਼ਤਰਾਂ ਨੂੰ ਕਮਰੇ ਵਿਚ ਰੱਖ ਕੇ ਤਾਲਾਬੰਦੀ ਕਰ ਦਿਤੀ |
ਤਫਤੀਸ਼ੀ ਅਫ਼ਸਰ ਏਐਸਆਈ ਸੁਖਵਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਪ੍ਰਭਜੋਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਹਰਬੰਸ ਸਿੰਘ, ਜੋਗਿੰਦਰ ਸਿੰਘ, ਠਾਣਾ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਗੁਰਬਚਨ ਸਿੰਘ ਅਤੇ ਪੰਜਾਬ ਸਿੰਘ ਵਿਰੁਧ ਆਈਪੀਸੀ ਦੀ ਧਾਰਾ 295/353ਬੀ/506/324/323/148/149 ਤਹਿਤ ਮਾਮਲਾ ਦਰਜ ਕਰ ਕੇ ਹਰਬੰਸ ਸਿੰਘ, ਜੋਗਿੰਦਰ ਸਿੰਘ ਅਤੇ ਠਾਣਾ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਦਕਿ ਬਾਕੀ 6 ਮੁਲਜ਼ਮਾਂ ਦੀ ਭਾਲ ਜਾਰੀ ਹੈ |