ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਸਾਧਨਾਂ ਰਾਹੀਂ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ।
ਮੋਗਾ - ਜ਼ਿਲ੍ਹਾ ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਅਤੇ ਪਿੰਡ ਡਾਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ (45) ਦਾ ਦਿਨ-ਦਿਹਾੜੇ ਹਮਲਾਵਰਾਂ ਨੇ ਘਰ ’ਚ ਦਾਖ਼ਲ ਹੋ ਕੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਜੋ ਪਿੰਡ ਦੇ ਨੰਬਰਦਾਰ ਵੀ ਸਨ, ਉਹਨਾਂ ਦੇ ਫੋਨ ’ਤੇ ਕਿਸੇ ਜਾਣਕਾਰ ਨੇ ਕਾਲ ਕੀਤੀ ਕਿ ਕਿਸੇ ਜ਼ਰੂਰੀ ਦਸਤਾਵੇਜ਼ਾਂ ’ਤੇ ਸਨਾਖ਼ਤੀ ਦਸਤਖ਼ਤ ਕਰਵਾਉਣੇ ਹਨ।
ਇਸੇ ਤਹਿਤ ਹਮਲਾਵਰ ਦਸਤਖ਼ਤ ਕਰਵਾਉਣ ਦੇ ਬਹਾਨੇ ਨਾਲ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਗਏ। ਬਲਜਿੰਦਰ ਸਿੰਘ ਆਪਣੇ ਘਰ ਵਿਚ ਵਾਲ ਕਟਵਾ ਰਿਹਾ ਸੀ। ਇਸ ਦੌਰਾਨ ਹਮਲਾਵਰਾਂ ਨੇ 12 ਬੋਰ ਦੀ ਬੰਦੂਕ ਨਾਲ ਗੋਲ਼ੀਆਂ ਚਲਾ ਦਿੱਤੀਆਂ। ਪਤਾ ਲੱਗਿਆ ਹੈ ਕਿ ਇਕ ਗੋਲ਼ੀ ਛਾਤੀ ਅਤੇ ਇਕ ਢਿੱਡ ਦੇ ਹੇਠਲੇ ਹਿੱਸੇ ’ਤੇ ਲੱਗੀ।
ਇਸ ਮਗਰੋਂ ਜ਼ਖ਼ਮੀ ਹਾਲਤ 'ਚ ਬੱਲੀ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ, ਐੱਸ.ਪੀ.ਡੀ. ਅਜੇ ਰਾਜ ਸਿੰਘ, ਥਾਣਾ ਮਹਿਣਾ ਦੇ ਮੁੱਖ ਅਫ਼ਸਰ ਰਜਿੰਦਰ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਐੱਸ.ਪੀ.ਡੀ. ਅਜੇ ਰਾਜ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਸਾਧਨਾਂ ਰਾਹੀਂ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ।