ਕਾਲੀ ਕਮਾਈ ਤੋਂ ਬਣੀ ਜਾਇਦਾਦ ਦੀ ਵੀ ਕੀਤੀ ਜਾਵੇਗੀ ਜਾਂਚ
Amritsar News : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 35 ਕਰੋੜ ਦੀ ਹੈਰੋਇਨ ਸਮੇਤ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਦੀ ਕਾਲੀ ਕਮਾਈ ਨਾਲ ਬਣਾਈ ਜਾਇਦਾਦ ਨੂੰ ਵੀ ਸਰਚ ਕੀਤਾ ਜਾ ਰਿਹਾ ਹੈ। ਫ਼ਿਲਹਾਲ ਪੁਲਿਸ ਉਸ ਦੇ ਪਿਛੜੇ ਅਤੇ ਅਗਲੇ ਲਿੰਕਾਂ ਦੀ ਜਾਂਚ ਕਰ ਰਹੀ ਹੈ।
ਥਾਣਾ ਲੋਪੋਕੇ ਦੇ ਮੁੱਖ ਅਫਸਰ ਨੂੰ ਸੂਚਨਾ ਮਿਲੀ ਸੀ ਕਿ ਜਗਰੂਪ ਸਿੰਘ ਉਰਫ ਜੁਗਨੂੰ ਵਾਸੀ ਡਾਲਾ ਵੱਡੀ ਪੱਧਰ 'ਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਜਿਸ 'ਤੇ ਥਾਣਾ ਲੋਪੋਕੇ ਦੇ ਮੁੱਖ ਅਫਸਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਪਣੀ ਪੁਲਸ ਪਾਰਟੀ ਨੂੰ ਬਾਰੀਕੀ ਨਾਲ ਜਾਣਕਾਰੀ ਦਿੱਤੀ ਅਤੇ ਟੀਮ ਤਿਆਰ ਕੀਤੀ। ਜਿਸ ਤੋਂ ਬਾਅਦ ਦੋਸ਼ੀ ਜਗਰੂਪ ਸਿੰਘ ਉਰਫ ਜੁਗਨੂੰ ਨੂੰ ਉਸ ਸਮੇਂ ਦਬੋਚ ਲਿਆ ਗਿਆ ਜਦੋਂ ਉਹ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ।
ਐਨਡੀਪੀਐਸ ਐਕਟ ਤਹਿਤ ਕੇਸ ਦਰਜ
ਜਗਰੂਪ ਸਿੰਘ ਨੂੰ ਪਿੰਡ ਕਮਾਸਕੇ ਤੋਂ ਥੋੜ੍ਹਾ ਪਹਿਲਾਂ ਪੀਰ ਬਾਬਾ ਦੇ ਸਥਾਨ ਨੇੜਿਓਂ ਫੜਿਆ ਗਿਆ ਹੈ। ਮੌਕੇ 'ਤੇ ਆਰੋਪੀ ਕੋਲੋਂ 5 ਕਿਲੋ ਹੈਰੋਇਨ, ਦੋ ਮੋਬਾਈਲ ਫ਼ੋਨ ਅਤੇ ਇੱਕ ਸਪਲੈਂਡਰ ਬਰਾਮਦ ਕੀਤਾ ਗਿਆ। ਮੁਲਜ਼ਮ ਖ਼ਿਲਾਫ਼ ਥਾਣਾ ਲੋਪੋਕੇ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਉਕਤ ਗਿ੍ਫ਼ਤਾਰ ਕੀਤੇ ਗਏ ਆਰੋਪੀ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਿਸ ਦੀ ਵੀ ਸ਼ਮੂਲੀਅਤ ਸਾਹਮਣੇ ਆਈ। ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫੜੇ ਗਏ ਮੁਲਜ਼ਮਾਂ ਦੀ ਕਾਲੀ ਕਮਾਈ ਤੋਂ ਬਣੀ ਜਾਇਦਾਦ ਦੀ ਵੀ ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਅਜਿਹੀ ਕੋਈ ਜਾਇਦਾਦ ਪਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਡੀ.ਐਸ.ਪੀ ਰਾਜਾਸਾਂਸੀ ਦੀ ਨਿਗਰਾਨੀ ਹੇਠ ਮੁੱਖ ਥਾਣਾ ਅਫਸਰ ਲੋਪੋਕੇ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮੰਝ ਵਿਖੇ ਸਮਸ਼ੇਰ ਸਿੰਘ ਵਾਸੀ ਸਾਰੰਗੜਾ ਦੀ ਜ਼ਮੀਨ ਅਤੇ ਬਖਸ਼ੀਸ਼ ਸਿੰਘ ਦੀ ਮੋਟਰ ਵਿਚਕਾਰ ਜ਼ਮੀਨ 'ਤੇ ਮੋਟਰ ਸ਼ੈੱਡ ਬਣਾਇਆ ਹੋਇਆ ਹੈ। ਸ਼ੈੱਡ ਨੇੜੇ ਝੋਨੇ ਦੀ ਫ਼ਸਲ ਵਿੱਚ ਡਰੋਨ ਵਰਗੀ ਭਾਰੀ ਵਸਤੂ ਡਿੱਗੀ ਹੈ। ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਲੋਪੋਕੇ ਦੇ ਮੁੱਖ ਅਫਸਰ ਨੇ ਆਪਣੀ ਸਰਚ ਪਾਰਟੀ ਸਮੇਤ ਉਕਤ ਜਗ੍ਹਾ 'ਤੇ ਤਲਾਸ਼ੀ ਮੁਹਿੰਮ ਚਲਾਈ।
ਤਲਾਸ਼ੀ ਮੁਹਿੰਮ ਦੌਰਾਨ ਪੀਲੀ ਟੇਪ ਨਾਲ ਲਪੇਟਿਆ ਇੱਕ ਡਰੋਨ ਅਤੇ ਇੱਕ ਵੱਡਾ ਪਾਰਸਲ ਬਰਾਮਦ ਹੋਇਆ। ਜਾਂਚ ਕਰਨ 'ਤੇ 5 ਕਿਲੋ ਹੈਰੋਇਨ ਦੇ 5 ਪੈਕਟ ਬਰਾਮਦ ਹੋਏ। ਜਿਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਲੋਪੋਕੇ ਵਿਖੇ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ।