ਮ੍ਰਿਤਕ ਨੌਜਵਾਨ ਨੇ ਨਹਿਰ ਵਿੱਚ ਨਹਾਉਣ ਲਈ ਮਾਰੀ ਸੀ ਛਾਲ ਪਰ ਬਾਹਰ ਨਹੀਂ ਆਇਆ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ 'ਚ ਗਣਪਤੀ ਵਿਸਰਜਨ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਨੌਜਵਾਨ ਗਿੱਦੜਬਾਹਾ ਨਹਿਰ 'ਤੇ ਮੂਰਤੀ ਵਿਸਰਜਨ ਕਰਨ ਗਿਆ ਸੀ ਤਾਂ ਅਚਾਨਕ ਉਸਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਸੂਰਜ ਗਿਰੀ ਵਾਸੀ ਮਲੋਟ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਮੂਰਤੀ ਵਿਸਰਜਨ ਦੌਰਾਨ ਨੌਜਵਾਨ ਨੇ ਪੁੱਲ ਤੋਂ ਨਹਿਰ ਵਿੱਚ ਨਹਾਉਣ ਲਈ ਛਾਲ ਮਾਰੀ ਸੀ ਅਤੇ ਬਾਹਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੇ ਅਜੇ ਤੱਕ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ।
ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਹਾਂ ਕਿ ਸਾਡੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗੋਤਾਖੋਰ ਦੀ ਮਦਦ ਨਾਲ ਸਾਡੇ ਬੱਚੇ ਨੂੰ ਬਾਹਰ ਕੱਢਿਆ ਜਾਵੇ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ 2 ਬੇਟੀਆਂ ਅਤੇ 2 ਬੇਟੇ ਸੀ। ਇੱਕ ਬੇਟੀ ਦੀ ਕੋਰੋਨਾ ਦੌਰਾਨ ਮੌਤ ਹੋ ਗਈ ਸੀ ਅਤੇ ਹੁਣ ਬੇਟੇ ਦੀ ਮੌਤ ਹੋ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੂਰਤੀ ਵਿਸਰਜਨ ਕਰਦਿਆਂ ਇੱਕ 17 ਸਾਲਾਂ ਮੁੰਡਾ ਪਾਣੀ ‘ਚ ਵਹਿ ਗਿਆ। 17 ਸਾਲਾਂ ਆਰੀਅਨ ਆਪਣੇ ਪਰਿਵਾਰ ਨਾਲ ਮੰਡੀ ਗੋਬਿੰਦਗੜ੍ਹ ਦੀ ਸਰਹੰਦ ਫਲੋਟਿੰਗ ਰੈਸਟੋਰੈਂਟ ਵਿਖੇ ਭਾਖੜਾ ਮੇਨ ਲਾਈਨ ’ਚ ਗਣੇਸ਼ ਦੀ ਮੂਰਤੀ ਵਿਸਰਜਨ ਕਰਨ ਗਿਆ ਸੀ।
ਵਿਸਰਜਨ ਕਰਨ ਤੋਂ ਬਾਅਦ ਆਰੀਅਨ ਆਪਣੇ ਦੋਸਤਾਂ ਨਾਲ ਨਹਿਰ ‘ਚ ਨਹਾਉਂਣ ਲੱਗ ਗਿਆ। ਜਦਕਿ ਬਾਕੀ ਸਾਰੇ ਲੋਕ ਤੇ ਪਰਿਵਾਰ ਵਾਪਸ ਘਰ ਚਲੇ ਗਏ। ਨਹਿਰ ‘ਚ ਨਹਾਉਂਦਿਆਂ ਹੀ ਆਰੀਅਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹਨ ਲੱਗਾ ,ਜਿਸ ਨੂੰ ਦੋਸਤ ਵੀ ਬਚਾ ਨਹੀਂ ਸਕੇ। ਆਰੀਅਨ ਦੇ ਡੁੱਬਣ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ।