
ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਬਾਊਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
ਸੁਲਤਾਨਪੁਰ ਲੋਧੀ: ਪੰਜਾਬ ਵਿੱਚ ਹੜ੍ਹਾਂ ਨੇ ਭਾਰੀ ਕਹਿਰ ਢਾਹਿਆ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਟੀਮ ਨੇ ਪਿੰਡ ਵਾਸੀਆਂ ਨਾਲ ਟਰੈਕਟਰ ’ਤੇ ਬਾਉਪੁਰ ਪਿੰਡ ਦਾ ਜਾਇਜ਼ਾ ਲਿਆ। ਇਨ੍ਹਾਂ ਪਿੰਡਾਂ ਵਿੱਚ ਹਾਲੇ ਵੀ ਕਈ-ਕਈ ਫੁੱਟ ਪਾਣੀ ਮੌਜੂਦ ਹੈ ਅਤੇ ਪਿੰਡਾਂ ਦਾ ਸੰਪਰਕ ਸ਼ਹਿਰ ਤੋਂ ਟੁੱਟਿਆ ਹੋਇਆ ਹੈ। ਇਨ੍ਹਾਂ ਹੜ੍ਹਾਂ ਦੇ ਪਾਣੀ ਕਾਰਨ ਪਿੰਡਾਂ ਵਿੱਚ ਕਈ ਲੋਕਾਂ ਦੇ ਘਰ ਢਹਿ ਗਏ।
ਪਿੰਡ ਵਾਸੀਆਂ ਨੇ ਕਿਹਾ ਕਿ ਦੁਬਈ ਤੋਂ ਕੁੱਝ ਪਰਿਵਾਰ ਪਿੰਡ ਵਾਸੀਆਂ ਦੀ ਸਹਾਇਤਾ ਲਈ ਇੱਥੇ ਪਹੁੰਚੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਹਾਲੇ ਵੀ ਖਤਰਾ ਟਲਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੜ੍ਹਾਂ ਦੇ ਪਾਣੀ ਕਾਰਨ ਝੋਨੇ ਦੀ ਫਸਲ ਬੀਜਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ 2023 ਵਿੱਚ ਬੰਨ੍ਹ ਸਿਰਫ਼ ਇੱਕ ਜਗ੍ਹਾ ਤੋਂ ਹੀ ਟੁੱਟਦਾ ਸੀ, ਪਰ ਹੁਣ 10 ਤੋਂ 11 ਥਾਵਾਂ ਤੋਂ ਬਰੇਕ ਹੋ ਚੁੱਕਾ ਹੈ। ਉਨ੍ਹਾਂ ਕਿਹਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਦਾ ਕੋਈ ਹੱਲ ਕਰੇ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਦਾ ਕੋਈ ਨੁਮਾਇੰਦਾ ਸਾਡੇ ਕੋਲ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਆਪ ਬੰਨ੍ਹ ਬੰਨ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬੰਨ੍ਹ ਨੂੰ ਬੰਨਣ ਲਈ ਬਹੁਤ ਮਿਹਨਤ ਅਤੇ ਬਹੁਤ ਸਾਰੇ ਪੈਸਿਆਂ ਦੀ ਲੋੜ ਪਵੇਗੀ।