
ਕਿਹਾ : ਮੇਰੇ ਭਰਾ ਬਲਜੀਤ ਸਿੰਘ ਦਾ ਵੀ ਸੂਬਾ ਸਿੰਘ ਨੇ ਕੀਤਾ ਸੀ ਝੂਠਾ ਪੁਲਿਸ ਮੁਕਾਬਲਾ
ਤਰਨ ਤਾਰਨ : ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਹੋਈ ਕੁੱਟਮਾਰ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਇਲਾਜ਼ ਦੌਰਾਨ ਦਮ ਤੋੜਨ ਵਾਲੇ ਸਾਬਕਾ ਐਸ.ਐਚ.ਓ. ਸੂਬਾ ਸਿੰਘ ਦੇ ਕਾਲੇ ਕਾਰਨਾਮਿਆਂ ਦਾ ਤਰਨ ਤਾਰਨ ਦੇ ਪਿੰਡ ਮਾਲੂਵਾਲ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਰਾਜ਼ ਖੋਲ੍ਹੇ। ਉਨ੍ਹਾਂ ਕਿਹਾ ਕਿ ਸੂਬਾ ਸਿੰਘ ਬਹੁਤ ਜ਼ਿਆਦਾ ਜਾਲਮ ਅਫ਼ਸਰ ਸੀ ਅਤੇ ਉਸ ਨੇ ਤਰਨ ਤਾਰਨ ਇਲਾਕੇ ਵਿਚੋਂ ਸੈਂਕੜੇ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਹੈ। ਸੂਬਾ ਸਿੰਘ ਵੱਲੋਂ ਪੁਲਿਸ ਹਿਰਾਸਤ ਦੌਰਾਨ ਨੌਜਵਾਨਾਂ ’ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਸੀ।
ਪਰਮਜੀਤ ਸਿੰਘ ਦੱਸਿਆ ਕਿ ਮੈਂ ਅਤੇ ਮੇਰਾ ਵੱਡਾ ਭਰਾ ਖਾਦ ਲੈਣ ਲਈ ਝਬਾਲ ਗਏ ਸੀ। ਸਾਨੂੰ ਬੱਸ ’ਚੋਂ ਉਤਰਿਆਂ ਹੀ ਪੁਲਿਸ ਵਾਲਿਆਂ ਨੇ ਫੜ ਲਿਆ ਅਤੇ ਮੇਰੇ ਭਰਾ ਨੂੰ ਨਜਾਇਜ਼ ਹੀ ਹਿਰਾਸਤ ਵਿਚ ਬੰਦ ਕਰ ਦਿੱਤਾ। ਅਸੀਂ ਲਗਾਤਾਰ ਦਸ ਦਿਨ ਥਾਣੇ ਆਪਣੇ ਭਰਾ ਬਲਜੀਤ ਸਿੰਘ ਮਿਲਣ ਲਈ ਜਾਂਦੇ ਰਹੇ ਅਤੇ ਸੂਬਾ ਸਿੰਘ ਸਾਨੂੰ ਕਹਿੰਦਾ ਰਿਹਾ ਕਿ ਮੈਂ ਬਲਜੀਤ ਸਿੰਘ ਨੂੰ ਛੱਡ ਦਿਆਂਗਾ, ਪਰ 10 ਦਿਨਾਂ ਬਾਅਦ ਸਾਨੂੰ ਨਾ ਸਾਡਾ ਭਰਾ ਮਿਲਿਆ ਅਤੇ ਨਾ ਹੀ ਉਸਦੀ ਦੀ ਮ੍ਰਿਤਕ ਦੇਹ। ਕਾਫੀ ਸਮੇਂ ਬਾਅਦ ਸਾਨੂੰ ਫੌਜੀ ਕਰਨਲ ਕੋਚਰ ਵੱਲੋਂ ਦੱਸਿਆ ਗਿਆ ਸੀ ਕਿ ਤੁਹਾਡੇ ਭਰਾ ਬਲਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਤੇ ਤੁਸੀਂ ਉਸ ਨੂੰ ਇਨਸਾਫ਼ ਦਿਵਾਉਣ ਲਈ ਕਾਨੂੰਨੀ ਚਾਰਾਜੋਈ ਕਰੋ। ਉਸ ਤੋਂ ਬਾਅਦ ਮੈਂ ਆਪਣੇ ਭਰਾ ਨੂੰ ਇਨਸਾਫ਼ ਦਿਵਾਉਣ ਲਈ ਸੂਬਾ ਸਿੰਘ ਖਿਲਾਫ਼ 32 ਸਾਲ ਕੇਸ ਲੜਿਆ ਅਤੇ ਅਦਾਲਤ ਨੇ ਸੂਬਾ ਸਿੰਘ ਨੂੰ ਬਲਜੀਤ ਸਿੰਘ ਦੀ ਹੱਤਿਆ ਦੇ ਮਾਮਲੇ ’ਚ 5 ਸਾਲ ਦੀ ਸਜ਼ਾ ਸੁਣਾਈ ਸੀ।
ਕੇਸ ਤੋਂ ਬਾਅਦ ਸੂਬਾ ਸਿੰਘ ਸਾਡੇ ਪਰਿਵਾਰ ਨੂੰ ਵੀ ਧਮਕੀਆਂ ਦਿੰਦਾ ਰਿਹਾ ਅਤੇ ਉਸ ਨੇ ਸਾਡੇ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਲਾਲਚ ਵੀ ਦਿੱਤਾ ਗਿਆ ਕਿ ਉਹ ਕੇਸ ਵਾਪਸ ਲੈ ਲੈਣ, ਪਰ ਅਸੀਂ ਪਿੱਛੇ ਨਹੀਂ ਹਟੇ। ਪਰਮਜੀਤ ਸਿੰਘ ਨੇ ਕਿਹਾ ਕਿ ਸੂਬਾ ਨੂੰ ਉਸ ਦੇ ਕਾਲੇ ਕਾਰਨਾਮਿਆਂ ਦੀ ਸਜ਼ਾ ਮਿਲੀ ਹੈ, ਕਿਉਂਕਿ ਉਹ ਖੁਦ ਨੂੰ ਸੂਬਾ ਸਰਹਿੰਦ ਵੀ ਕਹਿੰਦਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਪੁਲਿਸ ਅਧਿਕਾਰੀ ਜਾਂ ਕੋਈ ਹੋਰ ਲੋਕਾਂ ਨਾਲ ਜ਼ਿਆਦਤੀ ਕਰੇਗਾ ਤਾਂ ਉਸ ਨੂੰ ਆਪਣੇ ਕਰਮਾਂ ਦੀ ਸਜ਼ਾ ਇਕ ਨਾ ਇਕ ਦਿਨ ਸਜ਼ਾ ਜ਼ਰੂਰ ਮਿਲੇਗੀ।