
ਫ਼ਿਰੋਜ਼ਪੁਰ ਵਿਚ ਲਹਿਰਾਇਆ 100 ਫ਼ੁੱਟ ਉਚਾ ਕੌਮੀ ਝੰਡਾ
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਰਸਮ ਦਾ ਕੀਤਾ ਉਦਘਾਟਨ
ਫ਼ਿਰੋਜ਼ਪੁਰ, 17 ਅਕਤੂਬਰ (ਸੁਭਾਸ਼ ਕੱਕੜ) : ਫ਼ਿਰੋਜ਼ਪੁਰ ਸ਼ਹਿਰ ਦੀ ਸੁੰਦਰਤਾ ਵਿਚ ਨਿਖਾਰ ਲਿਆਉਣ ਅਤੇ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਫ਼ਿਰੋਜ਼ਪੁਰ ਛਾਉਣੀ ਵਿਖੇ ਹੁਸੈਨੀ ਵਾਲਾ ਬਾਰਡਰ ਨੂੰ ਜਾਣ ਵਾਲੀ ਰੋਡ 'ਤੇ ਪੀਰ ਬਾਬਾ ਸ਼ੇਰਸ਼ਾਹ ਵਲੀ ਚੌਕ ਨਜ਼ਦੀਕ ਬਣੇ ਪਾਰਕ ਵਿਚ 100 ਫੁੱਟ ਉਚੇ ਲੰਮੇ ਪੋਲ 'ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ, ਇਸ ਰਾਸ਼ਟਰੀ ਝੰਡੇ ਨੂੰ ਚੜ੍ਹਾਉਣ ਦਾ ਰਸਮੀ ਉਦਘਾਟਨ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਡਵੀਜ਼ਨਲ ਕਮਿਸ਼ਨਰ ਫ਼ਿਰੋਜ਼ਪੁਰ ਸੁਮੇਰ ਸਿੰਘ ਗੁਰਜ਼ਰ, ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਐਸਐਸਪੀ ਭੁਪਿੰਦਰ ਸਿੰਘ ਵੀ ਹਾਜ਼ਰ ਸਨ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫ਼ਿਰੋਜ਼ਪੁਰ ਸ਼ਹੀਦਾਂ ਦੀ ਧਰਤੀ ਹੈ ਅਤੇ ਇਥੇ ਦੇਸ਼ ਲਈ ਕਈ ਦੇਸ਼ ਭਗਤਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਅਪਣੀਆ ਕੁਰਬਾਨੀਆਂ ਦਿਤੀਆਂ ਹਨ ਅਤੇ ਇਹ 100 ਫੁੱਟ ਰਾਸ਼ਟਰੀ ਝੰਡਾ ਸਾਡੀ ਨਵੀਂ ਪੀੜੀ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਏਗਾ ਅਤੇ ਨਵੀਂ ਪੀੜੀ ਲਈ ਇਕ ਪ੍ਰੇਰਨਾ ਸਰੋਤ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਸੜਕ 'ਤੇ ਬਣੇ ਪਾਰਕ ਵਿਚ ਇਹ ਰਾਸ਼ਟਰੀ ਝੰਡਾ ਚੜਾਇਆ ਗਿਆ ਹੈ ਇਹ ਸੜਕ ਹੁਸੈਨੀਵਾਲਾ ਬਾਰਡਰ ਤਕ ਜਾਂਦੀ ਹੈ ਅਤੇ ਇਸ ਰੋਡ ਰਾਹੀਂ ਹੁਸੈਨੀਵਾਲਾ ਬਾਰਡਰ 'ਤੇ ਬਣੀਆਂ ਸ਼ਹੀਦਾਂ ਦੀ ਸਮਾਧਾਂ 'ਤੇ ਲੋਕ ਮੱਥਾ ਟੇਕਣ ਅਤੇ ਹਿੰਦ ਪਾਕ ਬਾਰਡਰ 'ਤੇ ਹੁੰਦੀ ਰਿਟਰੀਟ ਸੈਰਮਨੀ ਦੇਖਣ ਲਈ ਜਾਂਦੇ ਹਨ । ਉਨ੍ਹਾਂ ਕਿਹਾ ਕਿ ਹੁਣ ਜਦੋਂ ਲੋਕ ਇਸ ਸੜਕ ਤੋਂ ਨਿਕਲਣ ਕਰਨਗੇ ਤਾਂ ਪਹਿਲਾਂ ਹੀ ਇਸ ਰਾਸ਼ਟਰੀ ਝੰਡੇ ਨੂੰ ਦੇਖ ਕੇ ਉਨ੍ਹਾਂ ਵਿਚ ਦੇਸ਼ਭਗਤੀ ਦੀ ਭਾਵਨਾ ਹੋਰ ਵੀ ਵਧੇਗੀ।
ਉਨ੍ਹਾਂ ਦਸਿਆ ਕਿ ਦੇਸ਼ ਲਈ ਪ੍ਰੇਮ ਦੀ ਭਾਵਨਾ ਪੈਦਾ ਕਰਨ ਲਈ ਇਸ ਜਗ੍ਹਾ ਤੇ ਬਹੁਤ ਹੀ ਆਕਰਸ਼ਕ ਢੰਗ ਨਾਲ ''ਆਈ ਲਵ ਮਾਈ ਇੰਡੀਆ'' ਦਾ ਵੀ ਸਲੋਗਨ ਲਿਖਿਆ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨ (ਜਨ.) ਰਾਜਦੀਪ ਕੌਰ, ਐਸਡੀਐਮ ਅਮਿਤ ਗੁਪਤਾ, ਐਸਪੀਐਚ ਬਲਵੀਰ ਸਿੰਘ, ਡੀਐਸਪੀ ਬਰਿੰਦਰ ਸਿੰਘ, ਈਓ ਪਰਮਿੰਦਰ ਸਿੰਘ ਸੁਖੀਜਾ, ਚੇਅਰਮੈਨ ਮਾਰਕੀਟ ਕਮੇਟੀ ਸੁਖਵਿੰਦਰ ਸਿੰਘ ਅਟਾਰੀ, ਕਾਂਗਰਸੀ ਆਗੂ ਬਿੱਟੂ ਸਾਂਘਾ ਆਦਿ ਹਾਜ਼ਰ ਸਨ।
ਫੋਟੋ ਫਾਈਲ: 17 ਐੱਫਜੈੱਡਆਰ 06
image