
'ਆਪ' ਨੇ ਵਿਤ ਮੰਤਰੀ ਦੇ ਦਫ਼ਤਰ ਵਲ ਕੀਤਾ ਰੋਸ ਮਾਰਚ
ਬਠਿੰਡਾ, 17 ਅਕਤੂਬਰ (ਸੁਖਜਿੰਦਰ ਮਾਨ) : ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਪਲਾਂਟ ਨੂੰ ਢਾਹ ਕੇ ਉਸ ਦੀ ਸੈਂਕੜੇ ਏਕੜ ਜ਼ਮੀਨ ਪ੍ਰਾਈਵੇਟ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਪ੍ਰਤੀ ਏਕੜ ਇਕ ਰੁਪਏ ਲੀਜ਼ 'ਤੇ ਦੇਣ ਦੀ ਤਜਵੀਜ਼ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਨੇ ਅੱਜ ਵਿੱਤ ਮੰਤਰੀ ਦੇ ਦਫ਼ਤਰ ਵਲ ਰੋਸ ਮਾਰਚ ਕੀਤਾ ਗਿਆ।
ਇਸ ਮੌਕੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵਲੋਂ ਫ਼ਾਇਰ ਬ੍ਰਿਗੇਡ ਚੌਕ ਤੋਂ ਇਹ ਮਾਰਚ ਸ਼ੁਰੂ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪੁਲਿਸ-ਪ੍ਰਸ਼ਾਸਨ ਨੇ ਵਿੱਤ ਮੰਤਰੀ ਦੇ ਦਫ਼ਤਰ ਤੋਂ ਪਹਿਲਾਂ ਪੀਰਖ਼ਾਨਾ ਕੋਲ ਬੈਰੀਕੇਡ ਲਗਾ ਕੇ ਆਪ ਆਗੂਆਂ ਨੂੰ ਉਥੇ ਹੀ ਰੋਕ ਦਿਤਾ, ਜਿਸਦੇ ਚੱਲਦੇ ਵਰਕਰਾਂ ਨੇ ਧਰਨਾ ਲਗਾ ਕੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਇਸ ਦੌਰਾਨ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ 'ਆਪ' ਆਗੂਆਂ ਕੋਲੋ ਮੰਗ ਪੱਤਰ ਲੈ ਕੇ ਰਾਜਪਾਲ ਤਕ ਪੁੱਜਦਾ ਕਰਨ ਦਾ ਭਰੋਸਾ ਦਿਤਾ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਫ਼ਾਇਦੇ ਲਈ ਮਾਲਵੇ ਦੀ ਸ਼ਾਨ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕੀਤਾ। ਹੁਣ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਵਾਅਦੇ ਦੇ ਉਲਟ ਜਾ ਕੇ ਇਸ ਵਿਰਾਸਤੀ ਪ੍ਰਾਜੈਕਟ ਨੂੰ ਢਾਹ ਢੇਰੀ ਕਰ ਕੇ ਇਸ ਦੀ ਲਗਭਗ 4000 ਕਰੋੜ ਦੀ ਜ਼ਮੀਨ ਮੁਫ਼ਤ 'ਚ ਲੈਂਡ ਮਾਫ਼ੀਆ ਨੂੰ ਲੁਟਾਉਣ ਦੀ ਤਿਆਰੀ ਕਰ ਲਈ ਹੈ। ਇਸ ਮੌਕੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਅਤੇ ਅਮਰਿੰਦਰ ਸਿੰਘ ਸਰਕਾਰ ਦੀ ਜੇਕਰ ਨੀਅਤ ਸਿੱਧੀ ਹੁੰਦੀ ਤਾਂ ਬਠਿੰਡਾ ਥਰਮਲ ਪਲਾਂਟ ਨੂੰ 2031 ਤਕ ਚਾਲੂ ਰੱਖਦੀ ਅਤੇ ਇਸ ਦੇ ਇਕ ਯੂਨਿਟ ਨੂੰ ਪਰਾਲੀ 'ਤੇ ਚਲਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ 3000 ਰੁਪਏ ਦੀ ਵਾਧੂ ਆਮਦਨੀ ਦਿੰਦੀ ਅਤੇ ਮਾਲਵਾ ਦੇ ਕਈ ਜ਼ਿਲ੍ਹਿਆਂ 'ਚ ਪਰਾਲੀ ਦੇ ਸੰਕਟ ਨੂੰ ਪੱਕੇ ਤੌਰ 'ਤੇ ਦੂਰ ਕਰਦੀ। ਇਸ ਮੌਕੇ ਅਨਿਲ ਠਾਕੁਰ, ਅਮਰਦੀਪ ਸਿੰਘ ਰਾਜਨ, ਐਡਵੋਕੇਟ ਗੁਰਲਾਲ ਸਿੰਘ, ਮਹਿੰਦਰ ਸਿੰਘ ਫੁਲੋਮਿਠੀ, ਰਾਕੇਸ਼ ਪੁਰੀ ਆਦਿ ਹਾਜ਼ਰ ਸਨ।
ਇਸ ਖ਼ਬਰ ਨਾਲ ਸਬੰਧਤ ਫੋਟੋ 17 ਬੀਟੀਆਈ 01 ਵਿਚ ਭੇਜੀ ਜਾ ਰਹੀ ਹੈ।