
ਮਾਨਸਾ 'ਚ ਕਿਸਾਨ ਦੀ ਮੌਤ ਮਗਰੋਂ ਡੀ.ਸੀ. ਦੀ ਰਿਹਾਇਸ਼ ਦਾ ਘਿਰਾਉ
ਮਾਨਸਾ, 17 ਅਕਤੂਬਰ (ਸੁਖਵੰਤ ਸਿੰਘ ਸਿੱਧੂ) : ਕੇਂਦਰ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਪਾਸ ਕੀਤੇ ਜਾਣ ਤੋਂ ਬਾਅਦ ਦੇਸ਼ ਭਰ ਵਿਚ ਵਿੱਢੇ ਅੰਦੋਲਨ ਵਿਚ ਮਾਨਸਾ ਦੇ ਰੇਲਵੇ ਸ਼ਟੇਸ਼ਨ 'ਤੇ ਅੱਜ ਇਕ ਹੋਰ 57 ਸਾਲਾ ਕਿਸਾਨ ਜੁਗਰਾਜ ਸਿੰਘ ਗੁੜੱਦੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਮਗਰੋਂ ਆਗੂਆਂ ਨੇ ਕਿਹਾ ਕਿ ਮ੍ਰਿਤਕ ਕਿਸਾਨ ਦੇ ਪਰਵਾਰ ਨੂੰ 10 ਲੱਖ ਰੁਪਏ ਅਤੇ ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇ ਨਾਲ-ਨਾਲ ਮ੍ਰਿਤਕ ਕਿਸਾਨ ਦਾ ਕਰਜ਼ਾ ਮੁਆਫ਼ ਕਰਨ ਤਕ ਸਸਕਾਰ ਨਹੀਂ ਕੀਤਾ ਜਾਵੇਗਾ। 6 ਦਿਨ ਪਹਿਲਾ ਬੁਢਲਾਡਾ ਰੇਲਵੇ ਸ਼ਟੇਸਨ ਟਰੈਕ 'ਤੇ ਡਿੱਗ ਜਾਣ ਕਾਰਨ 80 ਸਾਲਾ ਬਜ਼ੁਰਗ ਮਾਤਾ ਤੇਜ ਕੌਰ ਦੀ ਮੌਤ ਗਈ ਸੀ ਜਿਸ ਦੀ ਮ੍ਰਿਤਕ ਦੇਹ ਨੂੰ ਬੁਢਲਾਡਾ ਦੇ ਸਿਵਲ ਹਸਪਤਾਲ ਵਿਚ ਰੱਖ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਘਿਰਾਉ ਲਗਾਤਾਰ ਜਾਰੀ ਹੈ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਘਿਰਾਉ ਵੀ ਪੱਕੇ ਤੌਰ 'ਤੇ ਕਰ ਦਿਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਦੀਆਂ ਉਦੋਂ ਤਕ ਘਿਰਾਉ ਜਾਰੀ ਰਖਿਆ ਜਾਵੇਗਾ ਅਤੇ ਮ੍ਰਿਤਕਾਂ ਦਾ ਸਸਕਾਰ ਵੀ ਨਹੀਂ ਕੀਤਾ ਜਾਵੇਗਾ।
.image