
ਨਾਭਾ ਦੀ ਇਸ਼ੀਤਾ ਗਰਗ ਨੀਟ ਪ੍ਰੀਖਿਆ 'ਚ ਪੰਜਾਬ ਵਿਚੋਂ ਪਹਿਲਾ ਸਥਾਨ 'ਤੇ
ਨਾਭਾ, 17 ਅਕਤੂਬਰ (ਪ.ਪ.) : ਜੇਕਰ ਜ਼ਿੰਦਗੀ ਵਿਚ ਕੁੱਝ ਕਰ-ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਹਰ ਮੰਜ਼ਲ ਨੂੰ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦਾ ਹੀ ਕਰ ਵਿਖਾਇਆ ਨਾਭਾ ਦੀ ਰਹਿਣ ਵਾਲੀ 18 ਸਾਲਾ ਇਸ਼ੀਤਾ ਗਰਗ ਨੇ, ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਟੈਸਟ (ਐਨਈਈਟੀ) ਵਿਚ ਆਲ ਇੰਡੀਆ ਰੈਂਕ 24 ਹਾਸਲ ਕਰ ਕੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ਼ੀਤਾ ਗਰਗ ਨੇ ਨੀਟ ਵਿਚ 720 ਵਿਚੋਂ 706 ਅੰਕ ਪ੍ਰਾਪਤ ਕਰ ਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਹ ਮੁਕਾਮ ਪਾਉਣ ਤੋਂ ਬਾਅਦ ਇਸ਼ੀਤਾ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅਤੇ ਪਰਵਾਰ ਵਿਚ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਨਾਭਾ ਦੀ ਰਹਿਣ ਵਾਲੀ ਇਸ਼ੀਤਾ ਗਰਗ ਨੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਹਰੇਕ ਬੱਚੇ ਦਾ ਸੁਪਨਾ ਹੁੰਦਾ ਹੈ।
ਇਸ਼ੀਤਾ ਗਰਗ ਅੱਠ ਤੋਂ ਲੈ ਕੇ ਦਸ ਘੰਟੇ ਲਗਾਤਾਰ ਪੜ੍ਹਾਈ ਕਰਦੀ ਸੀ। ਇਸ਼ੀਤਾ ਗਰਗ ਦੇ ਮਾਤਾ ਪਿਤਾ ਵੀ ਪੇਸ਼ੇ ਤੋਂ ਡਾਕਟਰ ਹਨ ਅਤੇ ਲੋਕਾਂ ਦੀ ਲਗਾਤਾਰ ਸੇਵਾ ਕਰ ਰਹੇ ਹਨ। ਇਸ਼ਿਤਾ ਦੇ ਮਨ ਵਿਚ ਵੀ ਸੀ ਉਹ ਵੀ ਅਪਣੇ ਮਾਤਾ ਪਿਤਾ ਦੀ ਤਰ੍ਹਾਂ ਇਕ ਵਧੀਆ ਡਾਕਟਰ ਬਣੇ ਅਤੇ ਅਪਣੇ ਪਰਵਾਰ ਦਾ ਨਾਮ ਰੌਸ਼ਨ ਕਰੇ। ਇਸ ਤੋਂ ਬਾਅਦ ਜਿਥੇ ਪਰਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ, ਉਥੇ ਹੀ ਰਿਸ਼ਤੇਦਾਰ ਅਤੇ ਦੋਸਤ ਵੀ ਆ ਕੇ ਵਧਾਈ ਦੇ ਰਹੇ ਹਨ। ਇਸ਼ੀਤਾ ਨੇ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਜ਼ਿਲ੍ਹੇ ਵਿਚੋਂ ਪਹਿਲਾ ਹਾਸਲ ਪ੍ਰਾਪਤ ਕੀਤਾ ਸੀ। ਇਸ ਮੌਕੇ ਇਸ਼ੀਤਾ ਗਰਗ ਦੇ ਪਿਤਾ ਡਾਕਟਰ ਸੁਮਿਤ ਗਰਗ ਅਤੇ ਮਾਤਾ ਡਾਕਟਰ ਦਿਵਿਆ ਗਰਗ ਨੇ ਕਿਹਾ ਕਿ ਅਸੀਂ ਅੱਜ ਬਹੁਤ ਖ਼ੁਸ਼ ਹਾਂ ਜੋ ਸਾਡੀ ਜ਼ਿੰਦਗੀ ਦਾ ਸੁਪਨਾ ਸੀ, ਉਹ ਅੱਜ ਪੂਰਾ ਹੋਇਆ ਹੈ ਅਤੇ ਸਾਡੀ ਬੇਟੀ ਨੇ ਕਰ ਵਿਖਾਇਆ ਹੈ।
ਫ਼ੋਟੋ : ਨਾਭਾ-ਨੀਟ