
ਮੁੱਖ ਮੰਤਰੀ ਚੰਨੀ ਨੇ ਪਠਾਨਕੋਟ ਦੇ ਧਾਰਮਕ ਅਸਥਾਨਾਂ ’ਤੇ ਮੱਥਾ ਟੇਕਿਆ
ਪਠਾਨਕੋਟ, 17 ਅਕਤੂਬਰ (ਦਿਨੇਸ਼ ਭਾਰਦਵਾਜ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਲ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੇ ਨਾਲ ਪਠਾਨਕੋਟ ਦੇ ਸਵਾਮੀ ਜਗਤ ਗਿਰੀ ਆਸ਼ਰਮ ਵਿਖੇ ਮੱਥਾ ਟੇਕਿਆ। ਲੋਕਾਂ ਵਿਚ ਬੈਠ ਕੇ ਸਤਿਸੰਗ ਵਿਚ ਸ਼ਾਮਲ ਹੋਏ ਸ੍ਰੀ ਚੰਨੀ ਨੇ ਆਸ਼ਰਮ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ ਵਾਲੇ ਪ੍ਰਾਜੈਕਟ ਲਈ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਆਸ਼ਰਮ ਦੀ ਹਦੂਦ ਅੰਦਰ ਐਮਕੇਐਮ ਪਬਲਿਕ ਸਕੂਲ ਵਿਚ ਹੋਸਟਲ ਦਾ ਨੀਂਹ ਪੱਥਰ ਵੀ ਰਖਿਆ। ਸਵਾਮੀ ਗੁਰਦੀਪ ਗਿਰੀ ਤੋਂ ਆਸ਼ੀਰਵਾਦ ਲੈਂਦੇ ਹੋਏ ਮੁੱਖ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਉਨ੍ਹਾਂ ਦੀ ਸਰਕਾਰ ਗ਼ਰੀਬ-ਪੱਖੀ ਪਹਿਲਕਦਮੀਆਂ ਨੂੰ ਸਮਾਂਬੱਧ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਸਤਿਸੰਗ ਦੌਰਾਨ ਸਵਾਮੀ ਗੁਰਦੀਪ ਗਿਰੀ ਨੇ ਮੁੱਖ ਮੰਤਰੀ ਨੂੰ ਦਸਤਾਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਬਾਅਦ ਵਿਚ ਮੁੱਖ ਮੰਤਰੀ ਨੇ ਕਾਲੀ ਮਾਤਾ ਮੰਦਰ ਦੇ ਵੀ ਦਰਸ਼ਨ ਕੀਤੇ।