
ਖੇਤੀ ਕਾਨੂੰਨ ਰੱਦ ਕਰਵਾਉਣ ਦੀ ਕੀਤੀ ਮੰਗ
ਸ੍ਰੀ ਮੁਕਤਸਰ ਸਾਹਿਬ (ਸੋਨੂੰ ਖੇੜਾ) - ਸ੍ਰੀ ਮੁਕਤਸਰ ਸਾਹਿਬ ਵਿਖੇ ਜਨ ਸਭਾਵਾਂ ਨੂੰ ਸੰਬੋਧਨ ਕਰਨ ਪਹੁੰਚੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਦ ਸਥਾਨਕ ਗੋਨਿਆਣਾ ਰੋਡ ਤੇ ਚੌਥੀ ਜਨ ਸਭਾ ਨੂੰ ਸੰਬੋਧਨ ਕਰਨ ਉਪਰੰਤ ਅਗਲੇ ਪੜਾਅ ਵੱਲ ਨੂੰ ਰਵਾਨਾ ਹੋਏ ਤਾਂ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਅਬੋਹਰ ਰੋਡ ਤੋਂ ਲੰਘ ਰਹੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਕਾਫ਼ਲੇ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਨਾਅਰੇਬਾਜ਼ੀ ਕੀਤੀ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਸਥਿਤੀ ਨੂੰ ਸੰਭਾਲਿਆ ਅਤੇ ਕਾਫ਼ਲੇ ਨੂੰ ਅੱਗੇ ਤੋਰਿਆ ਗਿਆ। ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਇਸ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਤੇ ਫਿਰ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਪਾਸਾ ਪਲਟ ਲਿਆ ਤੇ ਕਿਸਾਨਾਂ ਦੇ ਹੱਕ ਵਿਚ ਆ ਗਏ। ਉਹਨਾਂ ਕਿਹਾ ਕਿ ਜਿੰਨੀ ਕਿਸਾਨਾਂ ਦੀ ਵਿਰੋਦੀ ਪਾਰਟੀ ਅਕਾਲੀ ਦਲ ਹੈ ਉਹਨੀਂ ਹੋਰ ਕੋਈ ਪਾਰਟੀ ਨਹੀਂ। ਕਿਸਾਨਾਂ ਨੇ ਕਿਹਾ ਕਿ ਜਿੰਨਾ ਸਮਾਂ ਇਹ ਅਪਣੇ ਨਵੇਂ ਪ੍ਰੋਗਰਾਮ ਉਲੀਕਦੇ ਰਹਿਣਗੇ ਕਿਸਾਨ ਇਹਨਾਂ ਦਾ ਵਿਰੋਧ ਕਰਦੇ ਰਹਿਣਗੇ, ਜੇ ਕੋਈ ਗੱਲ ਨਹੀਂ ਬਣੀ ਤਾਂ ਅਸੀਂ ਇਹਨਾਂ ਦੀਆਂ ਕੋਠੀਆਂ ਅੱਗੇ ਵੀ ਪੱਕੇ ਧਰਨੇ ਲਗਾਵਾਂਗੇ।