
ਪਾਕਿਸਤਾਨੀ ਸਿੱਖ ਲੜਕੀ ਨੇ ਦਸਵੀਂ 'ਚ ਅੱਵਲ ਆ ਕੇ ਦੁਨੀਆਂ ਭਰ ਦੇ ਸਿੱਖਾਂ ਦਾ ਨਾਂ ਰੌਸ਼ਨ ਕੀਤਾ
ਲਾਹੌਰ, 17 ਅਕਤੂਬਰ : ਪਾਕਿਸਤਾਨ ਵਿਚ ਬਹੁਤ ਹੀ ਘੱਟ ਵਸੋਂ ਵਜੋਂ ਜਾਣੇ ਜਾਂਦੇ ਸਿੱਖ ਭਾਈਚਾਰੇ ਦੇ ਪਰਵਾਰ ਵਿਚੋਂ ਗੁਰਸਿਖ ਲੜਕੀ ਨੇ ਦਸਵੀਂ ਕਲਾਸ ਵਿਚ ਅੱਵਲ ਆ ਕੇ ਪੂਰੇ ਪਾਕਿਸਤਾਨ ਦਾ ਹੀ ਨਹੀਂ, ਸਗੋ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਦਾ ਨਾਮ ਰੌਸ਼ਨ ਕਰ ਦਿਤਾ ਹੈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਵਲ ਆਈ ਲੜਕੀ ਦੇ ਚਾਚਾ ਹੈੱਡ ਗ੍ਰੰਥੀ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਭਾਈ ਮਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ ਬਲਦੀਪ ਕੌਰ ਪੁੱਤਰੀ ਸਰਦਾਰ ਹਰਦਿਤ ਸਿੰਘ ਵਾਸੀ ਨਨਕਾਣਾ ਸਾਹਿਬ ਨੇ ਬੀਤੀ ਰਾਤ ਆਏ ਪੰਜਾਬ ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਇਕੱਲੇ ਪਾਕਿਸਤਾਨ 'ਚ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਹੈ | ਉਨ੍ਹਾਂ ਦਸਿਆ ਕਿ ਬੇਟੀ ਬਲਦੀਪ ਕੌਰ ਨੇ ਦਸਵੀਂ ਕਲਾਸ ਵਿਚੋਂ 1100 ਵਿਚੋਂ 1098 ਨੰਬਰ ਲੈ ਕੇ ਅਪਣੇ ਸਕੂਲ ਗੁਰੂ ਨਾਨਕ ਜੀ ਪਬਲਿਕ ਮਾਡਲ ਹਾਈ ਸਕੂਲ ਨਨਕਾਣਾ ਸਾਹਿਬ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਲਈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ-ਕੋਟ ਧਨਵਾਦ ਕਰਦੇ ਹਨ ਤੇ ਅਪਣੀ ਬੇਟੀ ਨੂੰ ਵਧਾਈ ਦਿੰਦੇ ਹਨ | ਉਨ੍ਹਾਂ ਦਸਿਆ ਕਿ ਇਸ ਵਕਤ ਨਨਕਾਣਾ ਸਾਹਿਬ ਵਿਖੇ ਪਰਵਾਰ ਨੂੰ ਦੇਸ਼ਾਂ ਵਿਦੇਸ਼ਾਂ 'ਚੋਂ ਵਧਾਈਆਂ ਮਿਲ ਰਹੀਆਂ ਹਨ ਜਿਸ ਲਈ ਉਹ ਸਾਰੀਆਂ ਸੰਗਤਾਂ ਦਾ ਧਨਵਾਦ ਕਰਦੇ ਹਨ | ਇਸ ਮੌਕੇ ਪਰਵਾਰ ਨੂੰ ਪ੍ਰਧਾਨ ਅਮੀਰ ਸਿੰਘ ਸਾਬਕਾ ਪ੍ਰਧਾਨ ਮਸਤਾਨ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਸਾਬਕਾ ਪ੍ਰਧਾਨ ਸਤਵੰਤ ਸਿੰਘ, ਮੈਂਬਰ ਦਰਸ਼ਨ ਸਿੰਘ ਤੇ ਕੇਅਰ ਟੇਕਰ ਅਜ਼ਹਰ ਅੱਬਾਸ ਲਾਹੌਰ ਨੇ ਬੇਟੀ ਨੂੰ ਮੁਬਾਰਕਬਾਦ ਦਿਤੀ | (ਏਜੰਸੀ)