
ਮਾਤਾ ਗੁਜਰੀ ਕਾਲਜ 'ਚ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲੇ ਦਾ ਸ਼ਾਨਦਾਰ ਆਗਾਜ਼
ਫ਼ਤਿਹਗੜ੍ਹ ਸਾਹਿਬ, 17 ਅਕਤੂਬਰ (ਰਾਜਿੰਦਰ ਸਿੰਘ ਭੱਟ ) : ਮਾਤਾ ਗੁਜਰੀ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੈਸ਼ਨ 2022-23 ਦਾ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲਾ (ਰੋਪੜ ਫ਼ਤਹਿਗੜ੍ਹ ਸਾਹਿਬ ਜ਼ੋਨ) ਦਾ ਸ਼ਾਨਦਾਰ ਆਗਾਜ਼ ਹੋ ਗਿਆ | ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਆਨਰੇਰੀ ਸਕੱਤਰ ਜਗਦੀਪ ਸਿੰਘ ਚੀਮਾ ਨੇ ਕੀਤੀ |
ਯੁਵਕ ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਕਾਲਜਾਂ ਦੀਆਂ ਲਗਭਗ 59 ਟੀਮਾਂ ਨੇ ਬੜੇ ਉਤਸ਼ਾਹ ਨਾਲ 20 ਤੋਂ ਵੱਧ ਮੁਕਾਬਲਿਆਂ ਜਿਵੇਂ ਭੰਗੜਾ, ਮਾਈਮ, ਸਕਿੱਟ, ਸਮੂਹ ਸ਼ਬਦ ਤੇ ਭਜਨ ਗਾਇਟ, ਸ਼ਾਸਤਰੀ ਸੰਗੀਤ ਗਾਇਨ, ਸਮੂਹ ਸੰਗੀਤ ਅਤੇ ਸਮੂਹ ਗਾਇਨ, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਕੁਇਜ਼, ਕਢਾਈ, ਗੁੱਡੀਆਂ ਪਟੋਲੇ, ਪਰਾਂਦਾ ਬਣਾਉਣਾ, ਰੱਸਾ ਵੱਟਣਾ ਆਦਿ ਮੁਕਾਬਲਿਆਂ ਵਿਚ ਹਿੱਸਾ ਲਿਆ |ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਯੁਵਕ ਮੇਲਿਆਂ ਦਾ ਮੁੱਖ ਮੰਤਵ ਵਿਦਿਆਰਥੀਆਂ ਵਿਚ ਏਕਤਾ, ਮਿਲਵਰਤਣ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨਾ, ਉਨ੍ਹਾਂ ਦੀ ਛੁਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ ਅਤੇ ਉਨ੍ਹਾਂ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜਨਾ ਹੈ |ਕਾਲਜ ਦੇ ਆਨਰੇਰੀ ਸਕੱਤਰ ਸ. ਜਗਦੀਪ ਸਿੰਘ ਚੀਮਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਮੌਜੂਦਾ ਸਮੇਂ ਦੀਆਂ ਵਿੱਦਿਅਕ, ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਲੋੜਾਂ ਦੀ ਪੂਰਤੀ ਕਰਦੇ ਹੋਏ ਵਿਦਿਆਰਥੀਆਂ ਦਾ ਹਰ ਪੱਖੋਂ ਵਿਕਾਸ ਕਰਨ ਲਈ ਵਚਨਬੱਧ ਹੈ |
ਇਸ ਤੋਂ ਪਹਿਲਾਂ ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਮੁਕੱਦਸ ਧਰਤੀ ਉਤੇ ਸਥਿਤ ਮਾਤਾ ਗੁਜਰੀ ਕਾਲਜ ਨੇ ਪਿਛਲੇ ਕੁਝ ਸਾਲਾਂ ਦੌਰਾਨ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਸਹਿ-ਵਿੱਦਿਅਕ ਗਤੀਵਿਧੀਆਂ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ |
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਯੁਵਕ ਮੇਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ |