
ਥਾਣਾ ਮੁਖੀ ਬਲਰਾਜ ਸਿੰਘ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਜਲੰਧਰ: ਬੀਤੀ ਦੇਰ ਰਾਤ ਨਸ਼ੇੜੀ ਜਵਾਈ ਨੇ ਆਪਣੇ ਸਹੁਰੇ ਘਰ ਆ ਕੇ ਇੱਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਨੂੰ ਸੁਣ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਇੱਥੇ ਇੱਕ ਨਸ਼ੇੜੀ ਜਵਾਈ ਨੇ ਪਿੰਡ ਬੀਟਲਾਂ ਥਾਣਾ ਮਹਿਤਪੁਰ ਪਹੁੰਚ ਕੇ ਕਮਰੇ 'ਚ ਸੁੱਤੇ ਪਏ ਸਹੁਰਾ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਅੱਗ ਲਗਾਉਣ ਤੋਂ ਬਾਅਦ ਉਸ ਨੇ ਕਮਰੇ ਨੂੰ ਬਾਹਰੋਂ ਕੁੰਡੀ ਲਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਅੱਗ ਲੱਗਣ ਨਾਲ ਉਸ ਦੀ ਪਤਨੀ ਪਰਮਜੀਤ ਕੌਰ, ਪੁੱਤਰ ਗੁਰਮੋਹਰ ਸਿੰਘ, ਧੀ ਅਰਸ਼ਦੀਪ ਕੌਰ, ਸੱਸ ਜੋਗਿੰਦਰੋ ਬਾਈ ਅਤੇ ਸਹੁਰਾ ਸੁਰਜਨ ਸਿੰਘ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ 'ਚੋਂ 4 ਜਣਿਆਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ।
ਮਿਲੀ ਜਾਣਕਾਰੀ ਅਨੁਸਾਰ ਜਵਾਈ ਨਸ਼ੇ ਕਰਨ ਦਾ ਆਦੀ ਸੀ, ਜਿਸ ਤੋਂ ਦੁਖ਼ੀ ਹੋ ਕੇ ਉਸ ਦੀ ਪਤਨੀ ਬੱਚਿਆਂ ਸਮੇਤ ਆਪਣੇ ਪੇਕੇ ਪਿੰਡ ਬੀਟਲਾ ਵਿਖੇ ਰਹਿ ਰਹੀ ਸੀ। ਫਿਲਹਾਲ ਪੁਲਿਸ ਵੱਲੋਂ ਦੇਹਾਂ ਨੂੰ ਸਿਵਲ ਹਸਪਤਾਲ ਨਕੋਦਰ ਵਿਖੇ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਬਲਰਾਜ ਸਿੰਘ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।