
ਹੈਰੋਇਨ ਸਪਲਾਈ ਦੇ ਮਾਮਲੇ ਵਿੱਚ ਜੇਲ੍ਹ ਦੇ ਦੋ ਕਰਮਚਾਰੀਆਂ ਨੂੰ ਕੀਤਾ ਕਾਬੂ
ਅੰਮ੍ਰਿਤਸਰ: ਪਿਛਲੇ 7 ਦਿਨਾਂ ਦੌਰਾਨ ਐੱਸਟੀਐਫ਼ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 22 ਕਿੱਲੋ 500 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਜਿੱਥੇ ਕਈ ਮੁਲਜ਼ਮ ਹਿਰਾਸਤ ਵਿਚ ਲਏ ਗਏ ਹਨ, ਉੱਥੇ ਹੀ ਜੇਲ੍ਹ ਦੇ ਦੋ ਕਰਮਚਾਰੀਆਂ ਨੂੰ ਵੀ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਜੇਲ੍ਹ ਵਾਰਡਨ ਸਬਜ਼ੀਆਂ ਦੇ ਬਹਾਨੇ ਵਿੱਚ ਰੇਹੜੀ ਲਗਾ ਕੇ ਜੇਲ੍ਹ ਦੇ ਅੰਦਰ ਨਸ਼ਾ ਸਪਲਾਈ ਕਰਦਾ ਸੀ। ਇਸ ਦੇ ਨਾਲ ਹੀ ਇਕ ਸੀਨੀਅਰ ਜੇਲ੍ਹ ਵਾਰਡਨ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਟੀਐਫ਼ ਦੇ ਮੁਖੀ ਰਛਪਾਲ ਸਿੰਘ ਨੇ ਦੱਸਿਆ ਕਿ ਇਹ ਇਕ ਮੰਦਭਾਗੀ ਗੱਲ ਹੈ ਕਿ ਜੇਲ੍ਹਾਂ ਦੇ ਅੰਦਰ ਬੰਦ ਕੈਦੀਆਂ ਨੂੰ ਜੇਲ੍ਹ ਦੇ ਵਾਰਡਨ ਵੱਲੋਂ ਹੀ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਵੀ ਲਗਾਤਾਰ ਡਰੋਨ ਰਾਹੀਂ ਹਥਿਆਰਾਂ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾ ਰਹੀ ਹੈ।
ਐੱਸਟੀਐਫ਼ ਅਧਿਕਾਰੀ ਨੇ ਇਹ ਮੰਨਿਆ ਕਿ ਪੰਜਾਬ ਪੁਲਿਸ ਦੇ ਵਿਚ ਵੀ ਅਜੇ ਕਈ ਕਾਲੀਆਂ ਭੇਡਾਂ ਹਨ ਜਿਹੜੀਆਂ ਅਜਿਹੇ ਕਾਰੇ ਕਰ ਕੇ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬੀਤੇ ਦਿਨੀਂ ਵੀ ਸੋਨੂ ਸਿੰਘ ਉਰਫ ਸੋਨੀ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਪਾਸੋਂ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ।