
ਦੋ ਸਬ-ਇੰਸਪੈਕਟਰਾਂ ਨੂੰ ਵਿਜੀਲੈਂਸ 'ਚੋਂ ਵਾਪਸ ਪੰਜਾਬ ਪੁਲਿਸ 'ਚ ਭੇਜਿਆ
ਇੱਕ SI ਮੁਹਾਲੀ ਅਦਾਲਤ ਅਤੇ ਦੂਜਾ ਵਿਜੀਲੈਂਸ ਦੇ ਮੁੱਖ ਦਫ਼ਤਰ 'ਚ ਸੀ ਤੈਨਾਤ
ਮੁਹਾਲੀ : ਵਿਜੀਲੈਂਸ ਬਿਊਰੋ ਪੰਜਾਬ ਵਲੋਂ ਭ੍ਰਿਸ਼ਟਾਚਾਰੀ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਸਿਰਫ ਭ੍ਰਿਸ਼ਟ ਅਧਿਕਾਰੀਆਂ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਵੀ ਕਰਦੇ ਹੱਥੀਂ ਲਿਆ ਜਾ ਰਿਹਾ ਹੈ। ਇਸ ਤਹਿਤ ਹੀ ਵਿਜੀਲੈਂਸ ਬਿਊਰੋ ਦੇ ਦੋ ਸਬ-ਇੰਸਪੈਕਟਰਾਂ ਨੂੰ ਪੁਰਾਣੇ ਬੌਸ ਆਸ਼ੀਸ਼ ਕਪੂਰ ਨੂੰ ਸਲੂਟ ਕਰਨਾ ਮਹਿੰਗਾ ਪੈ ਗਿਆ। ਵਿਜੀਲੈਂਸ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਂਦਿਆਂ ਵਾਪਸ ਪੰਜਾਬ ਪੁਲਿਸ ਵਿਚ ਭੇਜ ਦਿਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ ਇੱਕ ਸਬ ਇੰਸਪੈਕਟਰ ਮੁਹਾਲੀ ਅਦਾਲਤ ਜਦਕਿ ਦੂਜਾ ਵਿਜੀਲੈਂਸ ਦੇ ਮੁੱਖ ਦਫ਼ਤਰ ਵਿਚ ਤੈਨਾਤ ਸੀ। ਬੀਤੇ ਦਿਨੀਂ ਭ੍ਰਿਸ਼ਟਾਚਾਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ AIG ਆਸ਼ੀਸ਼ ਕਪੂਰ ਦੀ ਪੇਸ਼ੀ ਦੌਰਾਨ ਉਸ ਨੂੰ ਸਲੂਟ ਮਾਰਨ ਅਤੇ ਪ੍ਰਾਹੁਣਾਚਾਰੀ ਦੇ ਦੋਸ਼ਾਂ ਤਹਿਤ ਦੋਵਾਂ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਗਈ ਹੈ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਆਸ਼ੀਸ਼ ਕਪੂਰ ਵਿਜੀਲੈਂਸ ਬਿਊਰੋ ਵਿਚ ਤੈਨਾਤ ਸਨ ਅਤੇ ਇਨ੍ਹਾਂ ਦੋਹਾਂ ਸਬ-ਇੰਸਪੈਕਟਰਾਂ ਨੇ ਉਸ ਵੇਲੇ AIG ਆਸ਼ੀਸ਼ ਕਪੂਰ ਨਾਲ ਕੰਮ ਕੀਤਾ ਸੀ।
ਹੁਣ ਜਦੋਂ ਏ.ਆਈ.ਜੀ. ਆਸ਼ੀਸ਼ ਕਪੂਰ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਥੇ ਤੈਨਾਤ ਸਬ-ਇੰਸਪੈਕਟਰ ਨੇ ਆਪਣੇ ਪੁਰਾਣੇ ਬੌਸ ਨੂੰ ਪ੍ਰਾਹੁਣਾਚਾਰੀ ਦੀ ਪੇਸ਼ਕਸ਼ ਕੀਤੀ ਅਤੇ ਚਾਹ-ਪਾਣੀ ਵੀ ਪੁੱਛਿਆ ਜਿਸ ਦਾ ਮੁਕੇ 'ਤੇ ਹੀ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੇ ਨੋਟਿਸ ਲੈਂਦਿਆਂ ਉਸ ਨੂੰ ਵਾਪਸ ਪੰਜਾਬ ਪੁਲਿਸ ਵਿਚ ਭੇਜ ਦਿਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ AIG ਅਸ਼ੀਸ਼ ਕਪੂਰ ਨਾਲ ਸ਼ਿਸ਼ਟਾਚਾਰ ਦਿਖਾਉਣ ਵਾਲੇ ਇੱਕ ਪੁਲਿਸ ਅਫਸਰ ਤੋਂ ਵੀ 10 ਅਕਤੂਬਰ ਨੂੰ ਉਸ ਦਾ ਮੁੱਖ ਅਹੁਦਾ ਵਾਪਸ ਲੈ ਕੇ ਹੁਣ ਏ.ਆਈ.ਜੀ. (ਈ.ਓ.ਡਬਲਿਊ-2) ਮੁਹਾਲੀ ਲਗਾ ਦਿਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਤੱਕ ਇਸ ਦੀ ਜਾਣਕਾਰੀ ਪਹੁੰਚਣ ਮਗਰੋਂ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।