
ਮ੍ਰਿਤਕ ਸੁਰਿੰਦਰ ਦੀ ਭੈਣ ਦੇ ਬਿਆਨਾਂ ’ਤੇ ਮੁਲਜ਼ਮ ਪਤਨੀ ਅਤੇ ਉਸ ਦੇ ਪ੍ਰੇਮੀ ਸ਼ੈਲੇਂਦਰ ਖਿਲਾਫ ਕੇਸ ਦਰਜ ਕਰ ਕੇ ਦੋਵਾਂ ਨੂੰ ਕਾਬੂ ਕਰ ਲਿਆ ਹੈ।
ਲੁਧਿਆਣਾ- ਇੱਕ ਔਰਤ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸੁਰਿੰਦਰ ਗੁਪਤਾ ਹੈ, ਜੋ ਪਿੰਡ ਫੁੱਲਾਂਵਾਲ ਦਾ ਰਹਿਣ ਵਾਲਾ ਹੈ। ਸੂਚਨਾ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪੁੱਜੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਉਕਤ ਮਾਮਲੇ ’ਚ ਪੁਲਿਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ’ਤੇ ਮੁਲਜ਼ਮ ਪਤਨੀ ਅਤੇ ਉਸ ਦੇ ਪ੍ਰੇਮੀ ਸ਼ੈਲੇਂਦਰ ਕੁਮਾਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।
ਸ਼ਿਕਾਇਤ ’ਚ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਸੁਰਿੰਦਰ ਗੁਪਤਾ ਦਾ ਵਿਆਹ ਸਾਲ 2014 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਪਤਨੀ ਦੀ ਦੋਸਤੀ ਸ਼ੈਲੇਂਦਰ ਨਾਲ ਹੋ ਗਈ, ਜਿਸ ਤੋਂ ਬਾਅਦ ਦੋਵਾਂ ’ਚ ਪ੍ਰੇਮ ਸਬੰਧ ਬਣ ਗਏ ਸਨ। ਆਮ ਕਰ ਕੇ ਮੁਲਜ਼ਮ ਸ਼ੈਲੇਂਦਰ, ਉਸ ਦੀ ਭਾਬੀ ਨੂੰ ਮਿਲਣ ਲਈ ਆਉਂਦਾ ਰਹਿੰਦਾ ਸੀ। ਇਸ ਗੱਲ ਦਾ ਉਸ ਦੇ ਭਰਾ ਸੁਰਿੰਦਰ ਨੂੰ ਪਤਾ ਲੱਗ ਗਿਆ ਸੀ।
ਇਸੇ ਗੱਲ ਨੂੰ ਲੈ ਕੇ ਦੋਵੇਂ ਪਤੀ-ਪਤਨੀ ਵਿਚ ਵਿਵਾਦ ਵੀ ਹੁੰਦਾ ਰਹਿੰਦਾ ਸੀ। 14 ਅਕਤੂਬਰ ਨੂੰ ਵੀ ਉਨ੍ਹਾਂ ਵਿਚ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਭਾਬੀ ਨੇ ਸ਼ੈਲੇਂਦਰ ਨੂੰ ਆਪਣੇ ਕੋਲ ਬੁਲਾਇਆ ਅਤੇ ਦੋਵਾਂ ਨੇ ਮਿਲ ਕੇ ਸੱਬਲ ਨਾਲ ਉਸ ਦੇ ਭਰਾ ਸੁਰਿੰਦਰ ਗੁਪਤਾ ਦੇ ਸਿਰ ’ਤੇ ਵਾਰ ਕੀਤਾ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਮੁਲਜ਼ਮ ਫਰਾਰ ਹੋ ਗਏ ਸਨ। ਮ੍ਰਿਤਕ ਦੀ ਭੈਣ ਮੁਤਾਬਕ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਭਰਾ ਨੂੰ ਨਜ਼ਦੀਕੀ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿਸ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। 15 ਅਕਤੂਬਰ ਦੀ ਦੇਰ ਰਾਤ ਨੂੰ ਉਸ ਦੇ ਭਰਾ ਦੀ ਮੌਤ ਹੋ ਗਈ।
ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਸੁਰਿੰਦਰ ਦਾ ਬਿਆਨ ਲੈਣ ਲਈ ਗਈ ਸੀ ਪਰ ਉਸ ਦੀ ਹਾਲਤ ਜ਼ਿਆਦਾ ਗੰਭੀਰ ਸੀ। ਇਸ ਲਈ ਬਿਆਨ ਨਹੀਂ ਲਏ ਜਾ ਸਕੇ। ਅਗਲੇ ਦਿਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮ੍ਰਿਤਕ ਸੁਰਿੰਦਰ ਦੀ ਭੈਣ ਦੇ ਬਿਆਨਾਂ ’ਤੇ ਮੁਲਜ਼ਮ ਪਤਨੀ ਅਤੇ ਉਸ ਦੇ ਪ੍ਰੇਮੀ ਸ਼ੈਲੇਂਦਰ ਖਿਲਾਫ ਕੇਸ ਦਰਜ ਕਰ ਕੇ ਦੋਵਾਂ ਨੂੰ ਕਾਬੂ ਕਰ ਲਿਆ ਹੈ।