
ਸ਼੍ਰੋਮਣੀ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਸਿਆਸੀ ਭਾਸ਼ਣਾਂ ਨਾਲ ਸ਼ੁਰੂ ਹੋਇਆ ਸੁਖਬੀਰ ਬਾਦਲ ਨੇ ਸਮਾਗਮ ਨੂੰ ਕਾਂਗਰਸ-ਵਿਰੋਧੀ ਸਮਾਗਮ ਵਿਚ ਬਦਲ ਦਿਤਾ ਪਰ ਬੀਜੇਪੀ ਆਰ.ਐਸ
ਅੰਮ੍ਰਿਤਸਰ, 17 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਸ਼ਤਾਬਦੀ ਸਮਾਗਮਾਂ ਦਾ ਆਰੰਭ ਸਿਆਸੀ ਭਾਸ਼ਣਾਂ ਨਾਲ ਸ਼ੁਰੂ ਕੀਤਾ ਗਿਆ। ਇਹੀ ਲਗਦਾ ਸੀ ਕਿ ਇਹ ਇਕ 'ਬਾਦਲ ਕਾਨਫ਼ਰੰਸ' ਚਲ ਰਹੀ ਹੈ ਪਰ ਸਿੱਖਾਂ ਤੇ ਸਿੱਖੀ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿਤਾ ਗਿਆ। ਕੌਮ ਨੂੰ ਮੁੜ ਤੋਂ ਇਕੱਠਿਆਂ ਕਿਵੇਂ ਕਰਨਾ ਹੈ, ਇਸ ਬਾਰੇ ਤਾਂ ਜ਼ਿਕਰ ਵੀ ਨਾ ਕੀਤਾ ਗਿਆ ਜਦਕਿ ਇਹ ਇਲਜ਼ਾਮ ਜ਼ੋਰ ਨਾਲ ਉਛਾਲਿਆ ਗਿਆ ਕਿ ਕੁੱਝ ਵਿਰੋਧੀ ਸ਼ਕਤੀਆਂ ਸ਼੍ਰੋ੍ਰਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਜਦਕਿ ਇਸ ਇਲਜ਼ਾਮ ਨੂੰ ਪਹਿਲ ਦਿਤੀ ਜਾਣੀ ਚਾਹੀਦੀ ਸੀ ਕਿ ਸਿਆਸੀ ਲੀਡਰਾਂ ਤੇ ਉਨ੍ਹਾਂ ਦੇ ਲਿਫ਼ਾਫ਼ਿਆਂ ਵਿਚੋਂ ਨਿਕਲੇ ਜਥੇਦਾਰਾਂ ਤੇ ਪ੍ਰਬੰਧਕਾਂ ਨੇ ਸਿੱਖਾਂ, ਸਿੱਖੀ ਤੇ ਉਨ੍ਹਾਂ ਦੀ 100 ਸਾਲ ਪੁਰਾਣੀ ਸੰਸਥਾ ਦਾ ਗਲਾ ਘੋਟ ਕੇ ਰੱਖ ਦਿਤਾ ਹੈ। ਪ੍ਰਬੰਧਕ ਅਪਣੀ ਪਿੱਠ ਠੋਕਣ ਤਕ ਹੀ ਸੀਮਤ ਰਹੇ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਵੀ ਸਿੱਖਾਂ ਦੀ ਹਮਦਰਦ ਨਹੀਂ। ਉਨ੍ਹਾਂ ਗੁਰਬਾਣੀ, ਨਿਤਨੇਮ, ਇਤਿਹਾਸ, ਸੰਪਰਦਾਵਾਂ, ਸੰਸਥਾਵਾਂ, ਅੰਮ੍ਰਿਤ ਅਤੇ ਸਿੱਖ ਸਿਧਾਂਤਾਂ ਨੂੰ ਚੁਨੌਤੀ ਦੇਣ ਵਾਲੇ ਲੋਕਾਂ ਤੋਂ ਸੰਗਤ ਨੂੰ ਸੁਚੇਤ ਕਰਦਿਆਂ ਆਖਿਆ ਕਿ ਅੱਜ ਅਜਿਹੀਆਂ ਸ਼ਕਤੀਆਂ ਦਾ ਸਾਂਝੇ ਯਤਨਾਂ ਨਾਲ ਮੁਕਾਬਲਾ ਕਰਨਾ ਜ਼ਰੂਰੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਮੁਖ਼ਾਤਬ ਹੁੰਦਿਆਂ ਉਨ੍ਹਾਂ ਕਿਹਾ ਕਿ ਇਹ ਵੀ ਅਪਣੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਹੁੰਦਿਆਂ ਪਿੰਡ ਪੱਧਰ ਤੋਂ ਅਪਣੇ ਪੰਥਕ ਸਫ਼ਰ ਦਾ ਨਵਾਂ ਅਧਿਆਇ ਸ਼ੁਰੂ ਕਰੇ। ਗਿ. ਹਰਪ੍ਰੀਤ ਸਿੰਘ ਨੇ ਸਿੱਖ ਸੰਸਥਾ ਸ੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਅਜਿਹੀਆਂ ਸ਼ਕਤੀਆਂ ਦੇ ਮੁਕਾਬਲੇ ਲਈ ਸਮੁੱਚਾ ਪੰਥ ਇਕਜੁਟ ਹੋਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੋਂ ਲੈ ਕੇ ਹੁਣ ਤਕ ਸ਼੍ਰੋਮਣੀ ਕਮੇਟੀ ਦੇ ਸਫ਼ਰ 'ਤੇ ਝਾਤ ਪਾਉਂਦਿਆਂ ਭਵਿੱਖ ਵਿਚ ਹੋਰ ਦ੍ਰਿੜ੍ਹਤਾ ਨਾਲ ਪੰਥਕ ਸੇਵਾਵਾਂ ਨਿਭਾਉਣ ਦਾ ਪੰਥ ਨੂੰ ਭਰੋਸਾ ਦਿਤਾ। ਅੱਜ ਨਾ ਕੇਵਲ ਗੁਰਦੁਆਰਾ ਪ੍ਰਬੰਧਾਂ ਬਲਕਿ ਸਮੁੱਚੀ ਮਾਨਵਤਾ ਦੀ ਸੇਵਾ ਵਿਚ ਸ਼੍ਰੋਮਣੀ ਕਮੇਟੀ ਦੀ ਵਿਲੱਖਣ ਦੇਣ ਹੈ।
ਘੱਟ ਗਿਣਤੀਆਂ ਦੀ ਸੁਰੱਖਿਆ, ਬਰਾਬਰੀ ਤੇ ਮਾਣ ਸਨਮਾਨ ਦੀ ਰਾਖੀ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਘੱਟ ਗਿਣਤੀਆਂ ਦੇ ਮਨਾਂ ਵਿਚੋਂ ਅਸੁਰੱਖਿਆ ਤੇ ਬੇਗਾਨਗੀ ਦੀ ਭਾਵਨਾ ਖ਼ਤਮ ਕਰਨ ਲਈ ਠੋਸ ਤੇ ਭਰੋਸੇਯੋਗ ਕਦਮ ਚੁਕਣ ਦਾ ਸੱਦਾ ਦਿਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਰਬਾਰ ਸਾਹਿਬ ਕੰਪਲੈਕਸ ਵਿਚ ਮੰਜੀ ਸਾਹਿਬ ਹਾਲ
ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ
100ਵਾਂ ਸਥਾਪਨਾ ਦਿਵਸ ਮਨਾਉਣ ਦੇ ਇਤਿਹਾਸਕ ਸਮਾਗਮ ਵਿਚ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਹ ਪਤਿਤਪੁਣੇ, ਧਰਮ ਪ੍ਰੀਵਰਤਨ ਲਈ ਲੁਭਾਉਣ ਅਤੇ ਨਸ਼ਿਆਂ ਦੀ ਬੁਰਾਈ ਵਰਗੀਆਂ ਬਹੁ ਭਾਂਤੀ ਚੁਨੌਤੀਆਂ ਦੇ ਟਾਕਰੇ ਲਈ ਪੰਜ ਸਾਲਾ ਮੁਹਿੰਮ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਵਿਚ ਪਤਿਤਪੁਣਾ ਖ਼ਤਮ ਕਰਨ ਲਈ ਵੀ ਨਵੀਂ ਲਹਿਰ ਸ਼ੁਰੂ ਕੀਤੀ ਜਾਵੇ। ਸ. ਬਾਦਲ ਨੇ ਚੌਕਸ ਕੀਤਾ ਕਿ ਸ਼ਰਾਰਤੀ ਅਨੁਸਾਰ ਸਿੱਖਾਂ ਦੀ ਵਿਲੱਖਣ, ਵਖਰੀ ਤੇ ਪ੍ਰਭੂਸੱਤਾ ਵਾਲੀ ਧਾਰਮਕ ਪਛਾਣ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹਨ। ਖ਼ਾਲਸਾ ਪੰਥ ਨੂੰ ਅਪਣੀ ਵਖਰੀ ਧਾਰਮਕ ਪਛਾਣ 'ਤੇ ਮਾਣ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਉਸ ਨੂੰ ਸਿੱਖਾਂ ਦੀ ਸੱਭ ਤੋਂ ਵੱਡੀ ਦੁਸ਼ਮਣ ਕਰਾਰ ਦਿਤਾ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਅੱਜ ਉਸੇ ਤਰੀਕੇ ਦੀਆਂ ਚੁਨੌਤੀਆਂ ਦਰਪੇਸ਼ ਹਨ ਜੋ 1984 ਵਿਚ ਸਨ। ਉਨ੍ਹਾਂ ਕਿਹਾ ਕਿ ਉਸ ਵੇਲੇ ਕਾਂਗਰਸ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੀ ਸੀ ਪਰ ਇਸ ਦੇ ਚੌਕਸ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਹ ਸਾਜ਼ਸ਼ ਸਫ਼ਲ ਨਹੀਂ ਹੋਣ ਦਿਤੀ। ਹੁਣ ਵੀ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਸਾਰੇ ਗੁਰਦਵਾਰਾ ਸਾਹਿਬਾਨ ਦਾ ਪ੍ਰਬੰਧ ਉਸ ਦੇ ਕੰਟਰੋਲ ਵਾਲੇ ਟਰੱਸਟਾਂ ਨੂੰ ਸੌਂਪਣਾ ਚਾਹੁੰਦੀ ਹੈ ਜਿਵੇਂ ਉਹ ਮੰਦਰਾਂ ਦਾ ਸੰਭਾਲ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਤਾਂ ਇਕ ਰਾਜ ਵਿਚ ਅਪਣੇ ਆਪ ਵਿਚ ਰਾਜ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਐਲਾਨ ਦੇ ਬਾਵਜੂਦ ਕੇਂਦਰ ਸਰਕਾਰ ਅਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਹੀਂ ਕਰ ਰਹੀ। 100 ਸਾਲਾ ਸਮਾਗਮਾਂ ਦੇ ਹਿੱਸੇ ਵਜੋਂ ਆਰਟ ਗੈਲਰੀ ਵੀ ਸਥਾਪਤ ਕੀਤੀ ਜਾਵੇਗੀ।
ਕੈਪਸ਼ਨ—ਏ ਐਸ ਆਰ ਬਹੋੜੂ— 17— 4— ਸੁਖਬੀਰ ਸਿੰਘ ਬਾਦਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।
ਡੱਬੀ
ਪੰਥਕ ਇਕੱਤਰਤਾ ਦੌਰਾਨ ਪਾਸ ਕੀਤੇ ਗਏ 11 ਅਹਿਮ ਮਤੇ
ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਕੀਤੇ ਗਏ ਪੰਥਕ ਸਮਾਗਮ ਦੌਰਾਨ 11 ਅਹਿਮ ਮਤੇ ਪਾਸ ਕੀਤੇ । ਸ਼੍ਰੋਮਣੀ ਕਮੇਟੀ ਦੇ ਗਠਨ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਅਤੇ ਅਕਾਲੀ ਯੋਧਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਭਵਿੱਖ ਵਿਚ ਵੀ ਗੁਰੂ ਆਸ਼ੇ ਅਨੁਕੂਲ ਸੰਗਤ ਦੇ ਸਹਿਯੋਗ ਨਾਲ ਪੰਥਕ ਸੇਵਾਵਾਂ ਹੋਰ ਬਿਹਤਰੀਨ ਤਰੀਕੇ ਨਾਲ ਨਿਭਾਉਣ ਦੀ ਦ੍ਰਿੜ੍ਹਤਾ ਪ੍ਰਗਟਾਈ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨਿਤ ਦਿਹਾੜੇ ਬੇਰੋਕ ਹੋ ਰਹੀਆਂ ਬੇਅਦਬੀਆਂ ਦੀਆਂ ਘਟਨਾਵਾਂ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਸ਼ਟ ਸ਼ਕਤੀਆਂ ਨੂੰ ਬੇਨਕਾਬ ਕਰਨ ਅਤੇ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਸਿੱਖ ਇਕ ਵਖਰੀ ਕੌਮ ਸਬੰਧੀ ਮਤਾ ਪੇਸ਼ ਕੀਤਾ। ਜਾਤ ਪਾਤ, ਊਚ-ਨੀਚ ਅਤੇ ਨਸਲੀ ਭੇਦ ਭਾਵ ਦਾ ਖੰਡਨ ਕਰਦਿਆਂ ਸਮੁੱਚੀਆਂ ਸਮਾਜਕ ਇਕਾਈਆਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਵਲੋਂ ਵੀ ਅਪਣਾ ਭਰਪੂਰ ਯੋਗਦਾਨ ਪਾਉਣ ਦਾ ਭਰੋਸਾ ਦਿਤਾ ਗਿਆ। ਅਜੋਕੀਆਂ ਸਮਾਜਕ ਬੁਰਾਈਆਂ, ਵਿਆਹਾਂ ਸ਼ਾਦੀਆਂ 'ਤੇ ਫ਼ਜ਼ੂਲ ਖ਼ਰਚੀ ਅਤੇ ਭਰੂਣ ਹਤਿਆ 'ਤੇ ਚਿੰਤਾ ਪ੍ਰਗਟ ਕਰਦਿਆਂ ਸਮਾਜ ਨੂੰ ਸਾਦੇ ਰੀਤੀ ਰਿਵਾਜ ਅਪਨਾਉਣ ਦੀ ਇਕ ਮਤੇ ਰਾਹੀਂ ਅਪੀਲ ਕੀਤੀ ਗਈ। ਸਿੱਖ ਕੈਦੀਆਂ ਦੀ ਰਿਹਾਈ ਸਬੰਧੀ, ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਯਤਨ ਕਰਨ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ ਨੂੰ ਪਛਾੜਨ ਲਈ, ਧਰਮੀ ਫ਼ੌਜੀਆਂ ਦੇ ਹੱਕਾਂ ਦੀ ਰਖਵਾਲੀ ਲਈ, ਦੇਸ਼ ਅੰਦਰ ਘੱਟ ਗਿਣਤੀਆਂ ਦੀ ਵੱਧ ਰਹੀ ਅਸੁਰੱਖਿਆ 'ਤੇ ਚਿੰਤਾ ਪ੍ਰਗਟਾਉਂਦਿਆਂ ਅਤੇ ਕਿਸਾਨ ਮਾਰੂ ਕਾਲੇ ਕਾਨੂੰਨਾਂ ਵਿਰੁਧ ਵੱਖ-ਵੱਖ ਮਤਿਆਂ ਰਾਹੀਂ ਅਵਾਜ਼ ਬੁਲੰਦ ਕੀਤੀ ਗਈ ਅਤੇ ਇਨ੍ਹਾਂ ਸਾਰੇ ਮਾਮਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਵਚਨਬਧਤਾ ਦਾ ਪ੍ਰਗਟਾਵਾ ਕੀਤਾ ਗਿਆ।
ਕੈਪਸ਼ਨ—ਏ ਐਸ ਆਰ ਬਹੋੜੂ— 17— 5— ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮ ਦੀਆਂ ਵੱਖ ਵੱਖ ਤਸਵੀਰਾਂ।