
ਪੱਕਾ ਕਰਨ ਦੀ ਮੰਗ 'ਤੇ ਸਰਕਾਰ ਨੇ 22 ਤੱਕ ਦਾ ਮੰਗਿਆ ਸਮਾਂ
ਪਨਬੱਸ ਅਤੇ PRTC ਦੇ ਮੁਲਾਜ਼ਮਾਂ ਦੀ ਟਰਾਂਸਪੋਰਟ ਮੰਤਰੀ ਨਾਲ ਹੋਈ ਮੀਟਿੰਗ, ਮੰਗਾਂ ਲਟਕੀਆਂ - ਕਮਲ ਕੁਮਾਰ
23 ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ - ਰੇਸ਼ਮ ਸਿੰਘ ਗਿੱਲ
ਚੰਡੀਗੜ੍ਹ : ਅੱਜ ਪੰਜਾਬ ਰੋਡਵੇਜ਼ ਪਨਬੱਸ/PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਸਰਪ੍ਰਸਤ ਕਮਲ ਕੁਮਾਰ, ਚੈਅਰਮੈਨ ਬਲਵਿੰਦਰ ਸਿੰਘ ਰਾਠ,ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਗਿੱਲ, ਸੂਬਾ ਆਗੂ ਹਰਕੇਸ਼ ਕੁਮਾਰ ਵਿੱਕੀ, ਜਗਤਾਰ ਸਿੰਘ, ਰਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਟਰਾਂਸਪੋਰਟ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ ਗਿਆ।
Captain Amarinder Singh
ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਨੀਅਨ ਨਾਲ ਮਿਤੀ 12/10/2021 ਨੂੰ ਮੀਟਿੰਗ ਵਿਚ ਮੰਗਾਂ ਦਾ ਹੱਲ ਕੱਢਣ ਲਈ 20 ਦਿਨ ਦਾ ਸਮਾਂ ਮੰਗਿਆ ਸੀ ਪਰ ਅੱਜ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ਅਤੇ ਨਵੇਂ ਐਕਟ ਨੂੰ 10 ਸਾਲ ਦਾ ਬਣਾਇਆ ਗਿਆ ਜਿਸ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀਆਂ ਬੇਬੁਨਿਆਦ ਗੱਲਾਂ ਕੀਤੀਆਂ ਜਾ ਰਹੀਆਂ ਹਨ।
CM Charanjit Singh Channi
ਨਾਲ ਹੀ ਬੋਰਡ ਅਤੇ ਕਾਰਪੋਰੇਸ਼ਨਾਂ ਨੂੰ ਬਾਹਰ ਕੱਢ ਕੇ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਸਿੱਧਾ ਹੀ ਬਾਹਰ ਦਾ ਰਸਤਾ ਦਿਖਾ ਦਿਤਾ ਗਿਆ ਹੈ। ਯੂਨੀਅਨ ਵਲੋਂ ਮੰਗ ਹੈ ਕਿ ਪੱਕੇ ਕਰਨ ਦੀ ਪ੍ਰਕਿਰਿਆ ਵਿਚ ਸਮਾਂ ਸੀਮਾ ਹੱਦ 3 ਸਾਲ ਕੀਤੀ ਜਾਵੇ ਅਤੇ ਸਾਰੇ ਵਿਭਾਗਾਂ ਦੇ ਕੰਟਰੈਕਟ, ਆਊਟਸੋਰਸਿੰਗ, ਡੇਲੀਵੇਜਜ਼, ਵਰਕਚਾਰਜ਼, ਇੰਨਲਿਸਟਮਿੰਟ ਕੰਪਨੀਆਂ ਸੁਸਾਇਟੀਆ ਤਹਿਤ ਰੱਖੇ ਮੁਲਾਜ਼ਮਾਂ ਨੂੰ ਉਹਨਾਂ ਦੇ ਪਿੱਤਰੀ ਵਿਭਾਗਾਂ ਵਿਚ ਪੱਕਾ ਕੀਤਾ ਜਾਵੇ।
Amrinder Singh Raja Warring
ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਅਨ ਦੇ ਦਿਤੇ ਨੋਟਿਸ ਦੇ ਅਧਾਰ ਤੇ ਮਿਤੀ 16/11/2021 ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਯੂਨੀਅਨ ਦੀ ਮੀਟਿੰਗ ਸ਼ਾਮ 5 ਵਜੇ ਦੀ ਤਹਿ ਹੋਈ ਸੀ ਪਰ ਮੀਟਿੰਗ ਦੇਰ ਰਾਤ ਮੰਤਰੀ ਦੀ ਰਹਾਇਸ਼ 'ਤੇ ਹੋਈ ਜਿਸ ਵਿਚ ਯੂਨੀਅਨ ਵਲੋਂ ਪੱਕਾ ਕਰਨ ਲਈ ਸਾਰੇ ਪੱਖ ਜਿਵੇਂ ਪੰਜਾਬ ਦੇ ਵਿਭਾਗਾਂ ਸਿਖਿਆ ਵਿਭਾਗ, ਬਿਜਲੀ ਬੋਰਡ,ਸਹਿਤ ਵਿਭਾਗ ਸਮੇਤ ਹੋਰ ਵਿਭਾਗਾਂ ਵਿਚ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਵਿਚ ਕੱਚੇ ਮੁਲਾਜ਼ਮਾਂ ਨੂੰ 3 ਸਾਲ ਬਾਅਦ ਪੱਕੇ ਕਰਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਮੇਤ ਸਾਰੇ ਪੁਖ਼ਤਾ ਸਬੂਤ ਦਿਖਾਏ ਗਏ
ਜਿਸ ਤੇ ਮੰਤਰੀ ਵਲੋਂ ਹਾਮੀ ਭਰਦਿਆਂ ਸਿਖਿਆ ਸਕੱਤਰ ਪਾਸੋਂ ਇਸ ਦੀ ਕਲੈਰੀਫਕੇਸ਼ਨ ਲੈਣ ਉਪਰੰਤ ਸੈਕਟਰੀ ਸਟੇਟ ਟਰਾਂਸਪੋਰਟ ਪੰਜਾਬ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਨੂੰ ਫੋਨ 'ਤੇ ਆਦੇਸ਼ ਦਿਤੇ ਕਿ ਇਹ ਨੂੰ ਪੱਕਾ ਕੀਤਾ ਜਾ ਸਕਦਾ ਹੈ। ਇਸ ਸਬੰਧੀ ਸਵੇਰੇ ਫ਼ੈਸਲਾ ਕੀਤਾ ਜਾਵੇ ਜਿਸ ਸਬੰਧੀ ਸਵੇਰੇ 17/11/2021 ਨੂੰ ਅਧਿਕਾਰੀਆਂ ਨਾਲ ਮੀਟਿੰਗ ਵਿਚ ਯੂਨੀਅਨ ਨੇ ਸਾਬਤ ਕੀਤਾ ਕਿ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਸਕਦਾ ਹੈ।
PRTC
ਜਿਸ 'ਤੇ ਮਹਿਕਮੇ ਨੇ ਇਸ ਸਬੰਧੀ ਸਮੇਂ ਦੀ ਮੰਗ ਕੀਤੀ ਤਾਂ ਯੂਨੀਅਨ ਵਲੋਂ 22 ਨਵੰਬਰ ਤੱਕ ਦਾ ਸਮਾਂ ਦਿੰਦੇ ਹੋਏ ਸਾਰੇ ਪ੍ਰੋਗਰਾਮਾਂ ਵਿਚ ਢਿੱਲ ਦੇਣਤੇ ਸਹਿਮਤੀ ਹੋਈ ਪਰ ਜੇਕਰ ਹੱਲ ਨਾ ਕੱਢਿਆ ਗਿਆ ਤਾਂ ਮਿਤੀ 23 ਨਵੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸਮੇਤ ਤਿੱਖੇ ਐਕਸ਼ਨ ਕਰਨ ਦਾ ਫ਼ੈਸਲਾ ਕਲੀਅਰ ਕੀਤਾ ਗਿਆ ਹੈ।
ਇਸ ਮੌਕੇ ਜਲੋਰ ਸਿੰਘ, ਬਲਜਿੰਦਰ ਸਿੰਘ,ਜੋਧ ਸਿੰਘ, ਪ੍ਰਦੀਪ ਕੁਮਾਰ,ਗੁਰਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਰੋਡਵੇਜ਼ ਨੂੰ ਖਤਮ ਕਰਨ ਅਤੇ ਪਨਬੱਸ ਵਿੱਚ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਲਿਆਂਦੀ ਜਾ ਰਹੀ ਹੈ ਪ੍ਰੰਤੂ ਯੂਨੀਅਨ ਵਲੋਂ ਮੰਗ ਹੈ ਕਿ ਸਰਕਾਰ ਟਰਾਂਸਪੋਰਟ ਪੰਜਾਬ ਰੋਡਵੇਜ਼ ਵਿਚ ਹੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਸਰਕਾਰੀ ਵਿਭਾਗਾਂ ਨੂੰ ਲੋਕਾਂ ਦੀ ਭਲਾਈ ਅਤੇ ਟਰਾਂਸਪੋਰਟ ਸਹੂਲਤਾਂ ਲਈ ਚਾਲੂ ਰੱਖਿਆ ਜਾਵੇ।
ਇਸ ਸਬੰਧੀ ਯੂਨੀਅਨ ਵਲੋਂ ਮਿਤੀ 21 ਨਵੰਬਰ ਨੂੰ ਸੂਬਾ ਪੱਧਰੀ ਮੀਟਿੰਗ ਲੁਧਿਆਣੇ ਵਿਖੇ ਰੱਖੀ ਗਈ ਹੈ ਜੇਕਰ ਸਰਕਾਰ ਨੇ ਕੋਈ ਠੋਸ ਹੱਲ ਨਾ ਕੱਢਿਆ ਤਾਂ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਘਰ ਅੱਗੇ ਧਰਨਾ ਦੇਣ ਸਮੇਤ ਤਿੱਖੇ ਸੰਘਰਸ਼ ਕਰਨ ਲਈ ਯੂਨੀਅਨ ਮਜਬੂਰ ਹੋਵੇਗੀ।