ਪੰਥਕ ਹਲਕਿਆਂ ’ਚ ਚਰਚਿਆਂ ਮੁਤਾਬਕ ਡਰਾਮਾ ਹੀ ਸਾਬਤ ਹੋਇਆ ਸੁਖਬੀਰ ਦਾ ਅਸਤੀਫ਼ਾ, ਜਾਣੋ ਪੰਥਕ ਸ਼ਖ਼ਸੀਅਤਾਂ ਦੀ ਪ੍ਰਤੀਕਿਰਿਆ
Published : Nov 18, 2024, 10:24 pm IST
Updated : Nov 18, 2024, 10:24 pm IST
SHARE ARTICLE
SGPC
SGPC

ਵਰਕਿੰਗ ਕਮੇਟੀ ਨਹੀਂ ਲੈ ਸਕੀ ਅਸਤੀਫ਼ਾ ਮਨਜ਼ੂਰ ਕਰਨ ਬਾਰੇ ਫ਼ੈਸਲਾ, ਮਹਿਜ਼ ਦਿਖਾਵਾ ਹੀ ਸਾਬਤ ਹੋਈ ਮੀਟਿੰਗ

  • ਯੂਥ ਅਕਾਲੀ ਆਗੂਆਂ ਨੇ ਅਸਤੀਫ਼ਿਆਂ ਦੀ ਧਮਕੀ ਨਾਲ ਮੀਟਿੰਗ ’ਚ ਦਾਖ਼ਲ ਹੋ ਕੇ ਬਣਾਇਆ ਦਬਾਅ
  • ਇਕੋ ਤਰ੍ਹਾਂ ਦੀ ਭਾਸ਼ਾ ਵਾਲੇ ਸਨ ਸੁਖਬੀਰ ਦੇ ਹੱਕ ’ਚ ਲਿਖੇ ਅਸਤੀਫ਼ੇ
  • ਸੁਖਬੀਰ ਦੇ ਖਾਸਮ ਖ਼ਾਸ ਐਨ ਕੇ ਸ਼ਰਮਾ ਨੇ ਅਸਤੀਫ਼ੇ ’ਚ ਬਿਨਾਂ ਨਾਂ ਲਏ ਜਥੇਦਾਰਾਂ ’ਤੇ ਹੀ ਚੁਕ ਦਿਤੇ ਸਵਾਲ 

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ 16 ਨਵੰਬਰ ਨੂੰ ਪ੍ਰਧਾਨ ਦੇ ਅਹੁਦੇ ਤੋਂ ਦਿਤੇ ਅਸਤੀਫ਼ੇ ਨੂੰ ਲੈ ਕੇ ਸੱਦੀ ਗਈ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਮਹਿਜ਼ ਦਿਖਾਵਾ ਬਣ ਕੇ ਰਹਿ ਗਈ ਅਤੇ ਇਸ ਮੀਟਿੰਗ ’ਚ ਪਹੁੰਚੇ ਆਗੂ ਸੁਖਬੀਰ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਹਿੰਮਤ ਨਹੀਂ ਦਿਖਾ ਸਕੇ। ਜਿਸ ਤਰ੍ਹਾਂ ਮੀਟਿੰਗ ਤੋਂ ਪਹਿਲਾਂ ਕਈ ਆਗੂਆਂ ਦੇ ਅਸਤੀਫ਼ੇ ਸੁਖਬੀਰ ਦੇ ਹੱਕ ’ਚ ਦੇਣ ਅਤੇ ਇਕੋ ਹੀ ਤਰ੍ਹਾਂ ਦੀ ਭਾਸ਼ਾ ’ਚ ਅਸਤੀਫ਼ੇ ਪੇਸ਼ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ, ਉਸ ਨਾਲ ਸੁਖਬੀਰ ਦੇ ਅਸਤੀਫ਼ੇ ਦਾ ਡਰਾਮਾ ਵੀ ਸਾਹਮਣੇ ਆ ਗਿਆ, ਜੋ ਪੰਥਕ ਹਲਕਿਆਂ ’ਚ ਪਹਿਲਾਂ ਹੀ ਚਰਚਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਦਾਖ਼ਲ ਹੋ ਕੇ ਜਿਸ ਤਰ੍ਹਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਆਗੂਆਂ ਉਪਰ ਅਸਤੀਫ਼ਾ ਮਨਜ਼ੂਰ ਨਾ ਕਰਨ ਲਈ ਦਬਾਅ ਬਣਾਇਆ ਗਿਆ ਅਤੇ ਹੰਗਾਮੇ ਦੇ ਮਾਹੌਲ ’ਚ ਸਖਬੀਰ ਦੇ ਹੱਕ ’ਚ ਨਾਹਰੇਬਾਜ਼ੀ ਕੀਤੀ ਗਈ, ਉਸ ਨੇ ਪਹਿਲਾਂ ਹੀ ਰਚੇ ਗਏ ਅਸਤੀਫ਼ੇ ਦੇ ਡਰਾਮੇ ਤੋਂ ਪਰਦਾ ਚੁੱਕ ਦਿਤਾ। 

ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਸੁਖਬੀਰ ਬਾਦਲ ਦੇ ਅਸਤੀਫ਼ੇ ਬਾਅਦ ਉਨ੍ਹਾਂ ਦੇ ਵਫ਼ਾਦਾਰ ਕੋਰ ਕਮੇਟੀ ਦੇ ਕਈ ਪ੍ਰਮੁੱਖ ਮੈਂਬਰਾਂ ਨੇ ਮੀਟਿੰਗ ਕਰ ਕੇ ਹੋਰ ਆਗੂਆਂ ਨੂੰ ਸੁਨੇਹੇ ਲਾ ਦਿਤ ਸਨ ਕਿ ਵੱਡੀ ਗਿਣਤੀ ’ਚ ਮੀਟਿੰਗ ਤੋਂ ਪਹਿਲਾਂ ਅਸਤੀਫ਼ੇ ਦੇਣ ਦੇ ਐਲਾਨ ਕੀਤੇ ਜਾਣ। ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਤੀਰਥ ਸਿੰਘ ਮਾਹਲਾ ਨੇ ਤਾਂ ਬੀਤੇ ਦਿਨ ਹੀ ਅਸਤੀਫ਼ਾ ਦੇਣ ਦਾ ਐਲਾਨ ਕਰ ਦਿਤਾ ਸੀ।  ਯੂਥ ਵਿੰਗ ਪ੍ਰਧਾਨ ਝਿੰਜਰ ਨੇ ਅੱਜ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਐਲਾਨ ਕਰ ਦਿਤਾ ਕਿ ਜੇ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਵੀ ਨਾਲ ਹੀ ਅਸਤੀਫ਼ੇ ਦਿਤੇ ਸਮਝੇ ਜਾਣ। 

ਸੁਖਬੀਰ ਦੇ ਵਫ਼ਾਦਾਰ ਹੋਰ ਆਗੂਆਂ ਜਿਨ੍ਹਾਂ ’ਚ ਬੰਟੀ ਰੋਮਾਨਾ, ਰੋਜ਼ੀ ਬਰਕੰਦੀ ਅਤੇ ਪਰਮਜੀਤ ਸਿੰਘ ਢਿੱਲੋਂ ਦੇ ਇਕੋ ਤਰ੍ਹਾਂ ਦੀ ਭਾਸ਼ਾ ’ਚ ਲਿਖੇ ਅਸਤੀਫ਼ੇ ਸਾਹਮਣੇ ਆਏ ਜਿਸ ਨਾਲ ਬਹੁਤ ਕੁੱਝ ਸਪੱਸ਼ਅ ਹੁੰਦਾ ਹੈ। ਅੱਜ ਦੀ ਮੀਟਿੰਗ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਕਿ ਸੁਖਬੀਰ ਬਾਦਲ ਦੇ ਤਨਖ਼ਾਹੀਆ ਹੋਣ ਕਾਰਨ ਮਜਬੂਰੀਵਸ਼ ਹੀ ਅਕਾਲ ਤਖ਼ਤ ਦੀ ਕਿਸੇ ਸਖ਼ਤ ਸੰਭਾਵੀ ਸਿਆਸੀ ਸਜ਼ਾ ਤੋਂ ਬਚਣ ਲਈ ਹੀ ਅਸਤੀਫ਼ਾ ਸੀ ਪਰ ਉਹ ਦਿਲੋਂ ਹਾਲੇ ਵੀ ਪ੍ਰਧਾਨਗੀ ਨਹੀਂ ਛੱੜਣਾ ਚਾਹੁੰਦੇ। 

ਅੱਜ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕੁੱਝ ਮਤੇ ਪਾਸ ਕਰਨ ਤਕ ਸੀਮਤ ਹੋ ਕੇ ਰਹਿ ਗਈ ਅਤੇ ਸੁਖਬੀਰ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਨ ਲਈ ਅਗਲੀ ਮੀਟਿੰਗ ਤਕ ਟਾਲ ਦਿਤਾ ਗਿਆ ਹੈ। ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪੱਤਰਕਾਰਾਂ ਨੂੰ ਦਸਿਆ ਕਿ ਸਭ ਮੈਂਬਰਾਂ ਦੀ ਸਹਿਮਤੀ ਤੇ ਰਾਏ ਨੂੰ ਧਿਆਨ ’ਚ ਰੱਖ ਕੇ ਹੁਣ ਅਸਤੀਫ਼ਾ ਮਨਜ਼ੂਰ ਜਾਂ ਨਾ ਮਨਜ਼ੂਰ ਕਰਨ ਬਾਰੇ ਕੋਈ ਫ਼ੈਸਲਾ ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਅਤੇ ਹੋਰ ਵੱਖ ਵੱਖ ਵਿੰਗਾਂ ਨਾਲ ਵਿਚਾਰ ਬਾਅਦ ਹੀ ਲਿਆ ਜਾਵੇਗਾ।  ਭੂੰਦੜ ਨਾਲ ਬਿਕਰਮ ਸਿੰਘ ਮਜੀਠੀਆ, ਡਾ.ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਜੀਕੇ ਵੀ ਮੌਜੂਦ ਸਨ। ਇਨ੍ਹਾਂ ਆਗੂਆਂ ਨੇ ਪਾਸ ਮਤਿਆਂ ਬਾਰੇ ਹੀ ਜ਼ਿਆਦਾ ਗੱਲ ਕੀਤੀ ਤੇ ਸੁਖਬੀਰ ਦੇ ਅਸਤੀਫ਼ੇ ਨੂੰ ਲੇ ਕੇ ਸੰਖੇਪ ’ਚ ਹੀ ਫ਼ੈਸਲੇ ਬਾਰੇ ਦਸਿਆ। ਮੀਟਿੰਗ ’ਚ ਪਾਸ ਕੀਤੇ ਮਤਿਆਂ ’ਚ ਹਰਿਆਣਾ ਲਈ ਚੰਡੀਗੜ੍ਹ ’ਚ ਵੱਖਰੀ ਵਿਧਾਨ ਸਭਾ ਦੇ ਵਿਰੋਧ, ਬੰਦੀ ਸਿੰਘਾਂ ਦੀ ਰਿਹਾਈ, ਭਾਈ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਤੋਂ ਇਲਾਵਾ ਝੋਨੇ ਦੀ ਖ਼ਰੀਦ ਤੇ ਡੀਏਪੀ ਖਾਦ ਦੀ ਕਮੀ ਦੇ ਮਾਮਲੇ ਸ਼ਾਮਲ ਹਨ। 

ਜ਼ਿਕਰਯੋਗ ਹੈ ਕਿ ਸੁਖਬੀਰ ਦੇ ਸੱਭ ਤੋਂ ਖਾਸਮ ਖ਼ਾਸ ਐਨ.ਕੇ ਸ਼ਰਮਾ ਨੇ ਪਾਰਟੀ ਨੂੰ ਦਿਤੇ ਅਸਤੀਫ਼ੇ ’ਚ ਬਿਨਾਂ ਨਾਂ ਲਏ ਅਕਾਲ ਤਖ਼ਤ ਸਾਹਿਬ ’ਤੇ ਹੀ ਸਵਾਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਆਸਤ ’ਚ ਧਰਮ ਦੀ ਦਖ਼ਲਅੰਦਾਜੀ ਬਹੁਤ ਵੱਧ ਗਈ ਹੈ ਤੇ ਸੁਖਬੀਰ ਬਾਦਲ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਲਿਖਿਆ ਕਿ ਉਹ ਅਜਿਹੀ ਸਥਿਤੀ ’ਚ ਪਾਰਟੀ ਵਿਚ ਕੰਮ ਨਹੀਂ ਕਰ ਸਕਦੇ ਅਤੇ ਸਾਰੇ ਅਹੁਦੇ ਛੱਡਦੇ ਹਨ। ਸ਼ਰਮਾ ਦਾ ਕਹਿਣਾ ਹੈ ਕਿ ਉਹ ਸੁਖਬੀਰ ਦੀ ਅਗਵਾਈ ’ਚ ਹੀ ਕੰਮ ਕਰ ਸਕਦੇ ਹਨ। 

ਜੇਕਰ ਇਸ ਤਰ੍ਹਾਂ ਦੀ ਹੀ ਖੇਡ ਰਚਾਉਣੀ ਸੀ ਤਾਂ ਸੁਖਬੀਰ ਨੂੰ ਅਸਤੀਫ਼ਾ ਦੇਣ ਦੀ ਕਿ ਲੋੜ ਸੀ? : ਵਡਾਲਾ 

ਕਿਹਾ, ਹੁਣ ਵੀ ਸੁਖਬੀਰ ਨੂੰ ਬਚਾਉਣ ਦੀ ਸਾਜ਼ਸ਼ ਰਚੀ ਜਾ ਰਹੀ ਹੈ 

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਬੁਲਾਈ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੋਚੀ ਸਮਝੀ ਚਾਲ ਰਾਹੀਂ ਲਿਖੀ ਮਿਥੀ ਸਕ੍ਰਿਪਟ ਤਹਿਤ ਕੀਤਾ ਡਰਾਮਾ ਕਰਾਰ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਦਫ਼ਤਰ ਵਿਚ ਦੇਖਣ ਨੂੰ ਮਿਲਿਆ ਹੈ ਕਿ ਅਸਤੀਫ਼ੇ ਛਪਵਾ ਕੇ ਰੱਖੇ ਸਨ ਤੇ ਮੀਟਿੰਗ ਵਿਚ ਆ ਰਹੇ ਲੀਡਰਾਂ ਨੂੰ ਛਪੇ ਹੋਏ ਅਸਤੀਫ਼ੇ ਵਾਲੇ ਕਾਗ਼ਜ਼ ਉਥੇ ਦੇ ਮੁਲਾਜ਼ਮ ਹੱਥੀ ਦੇ ਰਹੇ ਸਨ। ਜੇਕਰ ਇਸ ਤਰ੍ਹਾਂ ਦਾ ਖੇਡ  ਰਚਾਉਣਾ ਸੀ ਤਾਂ ਫਿਰ ਸੁਖਬੀਰ ਸਿੰਘ ਬਾਦਲ ਅਸਤੀਫ਼ਾ ਦੇਣ ਦੀ ਕੀ ਲੋੜ ਸੀ ਅਤੇ ਉਸ ਦਾ ਮੰਤਵ ਕੀ ਹੈ?

ਜਥੇਦਾਰ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਐਲਾਨਿਆ ਗਿਆ ਸੀ ਅਤੇ ਉਨ੍ਹਾਂ ਨੂੰ ਉਸ ਸਮੇਂ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਜਥੇਦਾਰ ਦੇ ਦਿਤੇ ਹੋਏ ਆਦੇਸ਼ ਦੀ ਭਾਵਨਾ ਨੂੰ ਮੁੱਖ ਰਖਦੇ ਹੋਏ ਅਤੇ ਪੰਥ ਦੀਆਂ ਪ੍ਰੰਪਰਾਵਾਂ ਤੇ ਪਹਿਰਾ ਦੇ ਕੇ ਅਸਤੀਫ਼ੇ ਦੇ ਸਬੰਧ ਵਿਚ ਕੋਈ ਸਿਆਸਤ ਨਹੀਂ ਸੀ ਕਰਨੀ ਚਾਹੀਦੀ। ਅੱਜ ਸ. ਬਲਵਿੰਦਰ ਸਿੰਘ ਭੂੰਦੜ ਸਮੇਤ ਕਈ ਲੀਡਰਾਂ ਦੀ ਜੋ ਭੂਮਿਕਾ ਦੇਖੀ ਗਈ ਹੈ ਉਸ ਨੂੰ ਸੰਗਤਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮ ਵਿਰੁਧ ਸਮਝਿਆ ਜਾ ਰਿਹਾ ਹੈ।

ਜਥੇਦਾਰ ਵਡਾਲਾ ਨੇ ਪਾਰਟੀ ਦੇ ਸੀਨੀਅਰ ਆਗੂ ਐਨ ਕੇ ਸ਼ਰਮਾ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ ਜਿਹੜਾ ਉਨ੍ਹਾਂ ਨੇ ਇਕ ਨਿਜੀ ਟੀਵੀ ਚੈਨਲ ’ਤੇ ਦਿਤਾ ਹੈ ਜਿਸ ਵਿਚ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਪਾਰਟੀ ਵਿਚ ਧਾਰਮਕ ਦਖ਼ਲ-ਅੰਦਾਜ਼ੀ ਜ਼ਿਆਦਾ ਹੋ ਚੁੱਕੀ ਹੈ। ਵਡਾਲਾ ਨੇ ਕਿਹਾ ਕਿ ਇਹ ਸਾਡੀ ਤ੍ਰਾਸਦੀ ਹੈ ਕਿ ਪੰਥ ਦੀ ਨੁਮਾਇੰਦਾ ਜਮਾਤ ਵਿਚ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਉਸ ਉਪਰ ਐਨ.ਕੇ.ਸ਼ਰਮਾ ਵਲੋਂ ਉਂਗਲ ਉਠਾਈ ਜਾ ਰਹੀ ਹੈ। ਇਨ੍ਹਾਂ ਲੀਡਰਾਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਧਰਮ ਵਿਚ ਦਖ਼ਲ ਦੇ ਕੇ ਤੇ ਸਿੰਘ ਸਾਹਿਬਾਨਾਂ ਤੋਂ ਗ਼ਲਤ ਫ਼ੈਸਲੇ ਕਰਵਾਏ ਸਨ, ਉਸ ਸਮੇਂ ਸਿਆਸਤ ਨੂੰ ਧਰਮ ਦਾ ਨੁਕਸਾਨ ਕਰਨ ਵਾਸਤੇ ਕਿਸ ਨੇ ਅਤੇ ਕਿਉਂ ਵਰਤਿਆ ਸੀ? ਭੂੰਦੜ  ਨੂੰ ਐਨ.ਕੇ.ਸ਼ਰਮਾ ਵਰਗੇ ਲੀਡਰਾਂ ਵਿਰੁਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।.ਇਸ ਨਾਲ ਹੀ ਜਥੇਦਾਰ ਵਡਾਲਾ ਨੇ ਕਿਹਾ ਕਿ ਹੁਣ ਵੀ ਸੁਖਬੀਰ ਬਾਦਲ ਨੂੰ ਬਚਾਉਣ ਲਈ ਸਾਜ਼ਸ਼ ਰਚੀ ਜਾ ਰਹੀ ਹੈ। 

ਪੰਥਕ ਸ਼ਖ਼ਸੀਅਤਾਂ ਦੀ ਪ੍ਰਤੀਕਿਰਿਆ: 

‘‘ਪਾਰਟੀ ਦਾ ਦਰਦ ਕਿਸੇ ਨੂੰ ਨਹੀਂ ਹੈ। ਇਨ੍ਹਾਂ ਨੇ ਅੱਜ ਤੱਕ ਜੋ ਵੀ ਕੀਤਾ ਸੀ ਇਕ ਬਾਗੀ ਦੇ ਪ੍ਰਧਾਨ ਨੂੰ ਬਚਾਉਣ ਦੀ ਖਾਤਰ ਕੀਤਾ। ਜੇ ਅਸਤੀਫ਼ਾ ਦੇਣਾ ਸੀ ਅੱਜ ਤੋਂ ਸੱਤ ਸਾਲ ਪਹਿਲਾਂ ਦੇ ਦੇਣਾ ਚਾਹੀਦਾ ਸੀ। ਅੱਜ ਵੀ ਜੋ ਇਨ੍ਹਾਂ ਡਰਾਮਾ ਕੀਤਾ ਕਿ ਪਹਿਲਾਂ ਤਾਂ ਅਸਤੀਫਾ ਦੇ ਦਿਤਾ ਤੇ ਫਿਰ ਬਾਅਦ ’ਚ ਸਾਰਿਆਂ ਨੂੰ ਕਹਿ-ਕੁਹਾ ਕੇ ਕਵਾ ਕੇ ਤੇ ਰੌਲਾ ਪਵਾ ਦਿਤਾ। ਅਸਤੀਫ਼ੇ ’ਤੇ ਫੈਸਲਾ ਕਰਨ ਵਾਲੇ ਤਾਂ ਸਾਰੇ ਇਨ੍ਹਾਂ ਦੇ ਨਾਮਜ਼ਦ ਮੈਂਬਰ ਸਨ। ਜਿਨ੍ਹਾਂ ਨੇ ਕੋਈ ਗੱਲ ਕਰਨੀ ਸੀ, ਉਨ੍ਹਾਂ ਨੂੰ ਤਾਂ ਪਾਰਟੀ ’ਚੋਂ ਬਾਹਰ ਕੱਢ ਦਿਤਾ। ਅਸੀਂ ਵੀ ਵਰਕਿੰਗ ਕਮੇਟੀ ’ਚ ਸੀ। ਅਸੀਂ ਕੋਰ ਕਮੇਟੀ ’ਚ ਵੀ ਸੀ।’’

-ਬੀਬੀ ਜਗੀਰ ਕੌਰ

‘‘ਅੱਜ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ। ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਬਣੀ ਸੀ ਜਿਸ ਨੇ ਪੰਜਾਬ, ਪੰਜਾਬੀਆਂ ਤੇ ਸਿੱਖਾਂ ਦੀ ਉਨ੍ਹਾਂ ਨੇ ਹਿਮਾਇਤ ਕਰਨੀ ਸੀ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਮੂਹਰੇ ਰੱਖ ਕੇ ਸਾਰੀ ਗੱਲਬਾਤ ਹੋਣੀ ਚਾਹੀਦੀ ਸੀ। ਪਰ ਹੁਣ ਪਿਛਲੇ 28 ਸਾਲਾਂ ਤੋਂ ਬਾਦਲ ਪਰਿਵਾਰ ਨੇ ਇਸ ਪਾਰਟੀ ਦੇ ਉੱਤੇ ਅਪਣੀ ਪ੍ਰਧਾਨਗੀ ਜਮਾਈ ਹੋਈ ਸੀ। ਸੋ ਹੁਣ ਉਹ ਜਿਹੜੇ 28 ਸਾਲ ਤੋਂ ਪਾਰਟੀ ਨਾਲ ਜਿਹੜੇ ਕਿ ਬੰਦੇ ਪਾਰਟੀ ਨਾਲ ਜੁੜੇ ਹੋਏ ਨੇ ਉਹ ਅਸਲ ’ਚ ਇਕ ਸ਼ਖਸੀਅਤ ਨਾਲ ਜੁੜੇ ਹਨ, ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ। ਫਿਰ ਜੇਕਰ ਇਹੋ ਜਿਹੀਆਂ ਗੱਲਾਂ ਹੋਣਗੀਆਂ ਤਾਂ ਫਿਰ ਕਿਸੇ ਨੂੰ ਇਸ ਨਾਲ ਹੈਰਾਨ ਨਹੀਂ ਹੋਣਾ ਚਾਹੀਦਾ। ਬਾਕੀ ਮੈਂ ਦੂਜੀ ਗੱਲ ਕਹਿ ਦਵਾਂ ਕਿ ਇਕ ਨਵੀਂ ਲੀਡਰਸ਼ਿਪ ਦੀ ਲੋੜ ਹੈ ਪੰਜਾਬ ਵਿੱਚ। ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਦਲਾਵ ਦੇ ਵਿਚ ਹੋਵੇ।’’

-ਸਿੱਖ ਬੁੱਧੀਜੀਵੀ ਗੁਰਪ੍ਰੀਤ ਸਿੰਘ

‘‘ਜੇਕਰ ਸ਼੍ਰੋਮਣੀ ਅਕਾਲੀ ਦਲ ਹੋਵੇ ਤਾਂ ਕੋਰ ਕਮੇਟੀ ਦੇ ਆਗੂ ਫੈਸਲਾ ਕਰ ਲੈਣ। ਜਦੋਂ ਹੈ ਹੀ ਇਕ ਪਰਵਾਰ ਦੀ ਪਾਰਟੀ ਹੈ। ਬਾਦਲ ਪਰਵਾਰ ਦੀ ਪਾਰਟੀ ਹੈ। ਇਸੇ ਕਾਰਨ ਫੈਸਲਾ ਨਹੀਂ ਹੋਇਆ। ਉਹ ਫੈਸਲਾ ਲੈਣਗੇ ਵੀ ਕਿਵੇਂ? ਉਹ ਸ਼੍ਰੋਮਣੀ ਅਕਾਲੀ ਦਲ ਰਿਹਾ ਹੀ ਨਹੀਂ। ਇਸੇ ਕਾਰਨ ਅਸੀਂ ਕਹਿ ਰਹੇ ਹਾਂ ਕਿ ਪਾਰਟੀ ਨੂੰ ਸੁਰਜੀਤ ਕਰਨ ਦੀ ਜ਼ਰੂਰਤ ਹੈ। ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ, ਬਾਦਲ ਦਲ ਦੀ ਨਹੀਂ। ਹੁਣ ਐਨ.ਕੇ. ਸ਼ਰਮਾ ਵਰਗੇ ਅਕਾਲੀ ਥੋੜੀ ਹੋ ਸਕਦੇ ਜਿਹਨੇ ਅੱਜ ਇਸਤੀਫਾ ਦਿੱਤਾ ਕਿ ਜੇ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿਤਾ ਤਾਂ ਮੈਂ ਵੀ ਅਸਤੀਫ਼ਾ ਦੇ ਦੇਵਾਂਗਾ। ’’

-ਜਥੇਦਾਰ ਬਲਜੀਤ ਸਿੰਘ ਦਾਦੂਵਾਲ 

‘‘ਇਹ ਫੈਸਲਾ ਨਾਮਜ਼ਦ ਲੋਕ ਨਹੀਂ ਕਰ ਸਕੇ। ਇਹ ਲੋਕ ਇਸ ਪਰਵਾਰ ਦੀ ਝੋਲੀ ਚੁਕ ਕੇ ਅੱਗੇ ਆਏ ਹਨ। ਪਾਰਟੀ 103 ਸਾਲ ਪੁਰਾਣੀ ਹੈ, ਇਸ ਦੀ ਨੀਂਹ ਸ਼ਹੀਦੀਆਂ ’ਤੇ ਰੱਖੀ ਗਈ ਸੀ, ਜਿਨ੍ਹਾਂ ’ਚੋਂ ਕੋਈ ਵੀ ਪਾਰਟੀ ’ਚ ਨਹੀਂ ਰਹਿ ਗਿਆ ਹੈ। ਇਹ ਖ਼ੁਦਗਰਜ਼ ਲੋਕਾਂ ਦਾ ਸਮੂਹ ਹੈ ਜੋ ਪੰਥਪ੍ਰਸਤ ਨਹੀਂ ਹੈ। ਜੇਕਰ ਅੱਜ ਤੋਂ ਦੋ-ਚਾਰ ਸਾਲ ਪਹਿਲਾਂ ਅਸਤੀਫ਼ਾ ਦੇ ਦਿੰਦੇ ਤਾਂ 2022 ’ਚ ਸਰਕਾਰ ਵੀ ਪਾਰਟੀ ਦੀ ਬਣ ਜਾਂਦੀ। ਇਨ੍ਹਾਂ ਲੋਕਾਂ ਨੂੰ ਡਰ ਹੈ ਕਿ ਜੇਕਰ ਕਿਤੇ ਪਾਰਟੀ ਦੀ ਕਮਾਨ ਪੰਥਕ ਲੋਕਾਂ ਦੇ ਹੱਥ ’ਚ ਆ ਗਈ ਤਾਂ ਕਿਸੇ ਨੇ ਸਾਨੂੰ ਨਹੀਂ ਵਰਕਿੰਗ ਕਮੇਟੀ ’ਚ ਪਾਉਣਾ। ਇਹ ਕਿਹੜਾ ਪੰਜਾਬ ਜਾਂ ਪੰਥ ਨੂੰ ਰੋ ਰਹੇ ਹਨ। ਇਹ ਲੋਕ ਅਗਵਾਈ ਕਰਨ ਦੇ ਯੋਗ ਨਹੀਂ ਹਨ। ਅਕਾਲ ਤਖ਼ਤ ਨੇ ਸਿਰਫ਼ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਨ ਤੋਂ ਰੋਕਿਆ ਸੀ ਅਤੇ ਇਨ੍ਹਾਂ ਨੇ ਕਿਸੇ ਨੂੰ ਚੋਣ ਮੈਦਾਨ ’ਚ ਨਹੀਂ ਉਤਾਰਿਆ।’’

-ਮਨਜੀਤ ਸਿੰਘ, ਸੁਧਾਰ ਲਹਿਰ

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement