
ਕਸ਼ਮੀਰ: ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਦੀ ਰੈਲੀ ਤੋਂ ਪਹਿਲਾਂ ਗ੍ਰੇਨੇਡ ਹਮਲਾ
ਸੀਆਰਪੀਐਫ਼ ਜਵਾਨ ਜ਼ਖ਼ਮੀ, ਗਿ੍ਫ਼ਤਾਰ ਅਤਿਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ
ਜੰਮੂ ਕਸ਼ਮੀਰ, 17 ਦਸੰਬਰ: ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇੇ ਦੇ ਬਿਜਬੇਹਰਾ ਵਿਚ ਵੀਰਵਾਰ ਦੁਪਹਿਰ ਅਤਿਵਾਦੀਆਂ ਨੇ ਇਕ ਗੇ੍ਰਨੇਡ ਹਮਲਾ ਕੀਤਾ | ਇਸ ਵਿਚ ਇਕ ਸੀਆਰਪੀਐਫ਼ ਜਵਾਨ ਜ਼ਖ਼ਮੀ ਹੋ ਗਿਆ | ਜਿਹੜੇ ਇਲਾਕੇ ਵਿਚ ਹਮਲਾ ਕੀਤਾ ਗਿਆ ਉਸ ਤੋਂ ਕੁਝ ਦੂਰੀ ਉੱਤੇ ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਦੀ ਰੈਲੀ ਹੋਣ ਵਾਲੀ ਸੀ | ਫਿਲਹਾਲ, ਇਸ ਇਲਾਕੇ ਨੂੰ ਸੀਲ ਕਰ ਦਿਤਾ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ | ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਚੇਅਰਮੈਨ ਮਹਿਬੂਬਾ ਮੁਫ਼ਤੀ ਬਿਜਬੇਹਰਾ ਦੀ ਰਹਿਣ ਵਾਲੀ ਹੈ | ਜੰਮੂ ਕਸ਼ਮੀਰ ਦੇ ਲੋਕਲ ਬਾਡੀ ਚੋਣਾਂ (ਡੀਡੀਸੀ ਚੋਣਾਂ) ਚੱਲ ਰਹੀਆਂ ਹਨ | ਇਸ ਸਬੰਧ ਵਿਚ ਹੁਸੈਨ ਇਥੇ ਰੈਲੀ ਕਰਨ ਜਾ ਰਹੇ ਸਨ |
ਵੀਰਵਾਰ ਤੜਕੇ ਅਨੰਤਨਾਗ ਜ਼ਿਲ੍ਹੇ ਵਿਚ ਵੀ ਇਕ ਮੁੱਠਭੇੜ ਹੋਈ | ਇਹ ਮੁਕਾਬਲਾ ਗੁੰਡ ਬਾਬਾ ਖਲੀਲ ਖੇਤਰ ਵਿਚ ਹੋਇਆ | ਇਸ ਦੌਰਾਨ ਅਤਿਵਾਦੀ ਜ਼ਖ਼ਮੀ ਹੋ ਗਿਆ | ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਬਾਅਦ ਵਿਚ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ | ਕਸ਼ਮੀਰ ਪੁਲਿਸ ਦੇ ਅਨੁਸਾਰ ਜ਼ਖ਼ਮੀ ਅਤਿਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਹੈ | (ਏਜੰਸੀ)