
ਸਾਨੂੰ ਤਾਂ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਸਾਡੇ ਚਲਾਨ ਮਾਫ਼ ਹੋ ਗਏ ਹਨ - ਆਟੋ ਚਾਲਕ
ਲੁਧਿਆਣਾ - ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਟੋ ਚਾਲਕਾਂ ਦੇ ਸਾਰੇ ਚਲਾਨ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਚੰਨੀ ਨੇ ਆਟੋ ਚਾਲਕਾਂ ਨਾਲ ਖੁਦ ਮੁਲਾਕਾਤ ਕਰ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਸਨ ਜਿਸ ਤੋਂ ਬਾਅਦ ਉਹਨਾਂ ਦੇ ਸਾਰੇ ਚਲਾਨ ਮਾਫ਼ ਕਰਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਖੁਦ ਆਟੋ ਚਲਾਇਆ ਹੈ ਇਸ ਲਈ ਉਹ ਇਨ੍ਹਾਂ ਦੀਆਂ ਮੁਸ਼ਕਲਾਂ ਸਮਝਦੇ ਹਨ। ਸੀਐੱਮ ਚੰਨੀ ਦੇ ਐਲਾਨ ਤੋਂ ਬਾਅਦ ਤੁਰੰਤ ਹੀ ਕਈ ਆਟੋ ਚਾਲਕਾਂ ਦੇ ਚਲਾਨ ਮਾਫ਼ ਵੀ ਹੋ ਗਏ ਸਨ ਤੇ ਜਿਨ੍ਹਾਂ ਦੇ ਚਲਾਨ ਮਾਫ਼ ਹੋਏ ਸਨ ਉਹਨਾਂ ਨਾਲ ਸਪੋਕਸਮੈਨ ਨੇ ਖ਼ਾਸ ਗੱਲਬਾਤ ਕੀਤੀ ਤੇ ਇਸ ਬਾਰੇ ਪੂਰੀ ਜਾਣਕਾਰੀ ਲਈ। ਜਿਲ੍ਹਾ ਆਟੋ ਰਿਕਸ਼ਾ ਵਰਕਸ ਫੈਡਰੇਸ਼ਨ ਦੇ ਪ੍ਰਧਾਨ ਸਤੀਸ ਅਰੋੜਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹਨਾਂ ਨੂੰ ਮਿਲਣ ਲਈ ਮੁੱਖ ਮੰਤਰੀ ਚੰਨੀ ਆਏ ਸਨ ਤੇ ਇਸ ਮਿਲਣੀ ਤਹਿਤ ਉਹਨਾਂ ਨੇ ਸਾਡੀਆਂ ਆਟੋ ਚਾਲਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਅਸੀਂ ਦੱਸਿਆ ਕਿ ਸਾਡੇ ਵਰਕਰਾਂ ਦੇ ਭਾਰੀ ਚਲਾਨ ਹੋਏ ਹਨ ਤੇ ਹਰ ਰੋਜ਼ ਕੱਟੇ ਜਾਂਦੇ ਹਨ
Satish Kumar
ਕਿਸੇ ਦਾ 17 ਹਜ਼ਾਰ ਤੇ ਕਿਸੇ ਦਾ 27 ਹਜ਼ਾਰ ਦਾ ਚਲਾਨ ਕੱਟਦਾ ਹੈ ਤੇ ਜੇ ਇੰਨੇ ਮੋਟੇ ਚਲਾਨ ਹੀ ਹੋਣ ਲੱਗ ਜਾਣ ਤਾਂ ਫਿਰ ਗਰੀਬ ਤਬਕਾ ਆਪਣੇ ਪਰਿਵਾਰ ਦਾ ਗੁਜ਼ਾਰ ਕਿਵੇਂ ਕਰੇਗਾ ਜੋ ਸਿਰਫ਼ ਦਿਨ ਦਾ 500 ਹੀ ਕਮਾਉਂਦੇ ਹਨ ਤੇ ਕਦੇਂ ਤਾਂ ਇਹ ਵੀ ਨਹੀਂ ਕਮਾਇਆ ਜਾਂਦਾ। ਉਙਨਾਂ ਦੱਸਿਆ ਕਿ ਸਾਨੂੰ ਉਸ ਸਮੇਂ ਸੀਐੱਮ ਸਾਹਿਬ ਕਹਿ ਕੇ ਗਏ ਸੀ ਕਿ ਸਾਡੇ ਸਾਰਿਆਂ ਦੇ ਚਲਾਨ 1 ਰੁਪਿਆ ਲੈ ਕੇ ਭੁਗਤਾਏ ਜਾਣਗੇ ਤੇ ਨਾਲ ਹੀ ਉਹਨਾਂ ਨੂੰ ਯੈਲੋ ਲਾਈਨ ਦਿੱਤੀ ਜਾਵੇਗੀ ਅੱਡਿਆਂ 'ਤੇ ਖੜ੍ਹਨ ਲਈ ਤਾਂ ਜੋ ਉਹ ਇੱਧਰ ਉਧਰ ਆਟੋ ਨਾ ਖੜ੍ਹੇ ਕਰਨ। ਉਹਨਾਂ ਦੱਸਿਆਂ ਕਿ ਸੀਐੱਮ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕਰ ਦਿੱਤੇ ਹਨ ਸਾਰੇ ਚਲਾਨ ਮਾਫ਼ ਹੋ ਗਏ ਹਨ ਤੇ ਇਹ ਚਲਾਨ ਸਿਰਫ਼ 1 ਰੁਪਏ ਵਿਚ ਭੁਗਤਾਏ ਗਏ।
ਉਹਨਾਂ ਕਿਹਾ ਕਿ ਸਰਕਾਰ ਨੇ ਯੈਲੋ ਲਾਈਨ ਦੀ ਤਿਆਰੀ ਵੀ ਸ਼ੁਰੂ ਕਰਵਾ ਦਿੱਤੀ ਹੈ ਤੇ ਕਈ ਜਗ੍ਹਾ 'ਤੇ ਇਹ ਕੰਮ ਪੂਰਾ ਹੋ ਗਿਆ ਹੈ ਤੇ ਕਈ ਜਗ੍ਹਾ ਹੋ ਰਿਹਾ ਹੈ। ਸਤੀਸ਼ ਨੇ ਦੱਸਿਆ ਕਿ ਸਾਨੂੰ ਤਾਂ ਕੋਈ ਉਮੀਦ ਨਹੀਂ ਸੀ ਪਰ ਸਾਡੀ ਇਹ ਸੁਣਵਾਈ 24 ਸਾਲ ਬਾਅਦ ਹੋਈ ਹੈ ਜਿਸ ਦੀ ਸਾਨੂੰ ਬਹੁਤ ਖੁਸ਼ੀ ਹੈ ਤੇ ਕਦੇ ਤਾਂ ਸਾਨੂੰ ਇਸ ਤਰਾਂ ਹੀ ਲੱਗਦਾ ਹੈ ਕਿ ਸਾਨੂੰ ਸੁਪਨਾ ਹੀ ਆ ਰਿਹਾ ਹੈ ਕਿ ਸਾਡਾ ਇਹ ਕੰਮ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਸ ਦਾ 47 ਹਜ਼ਾਰ 500 ਰੁਪਏ ਦਾ ਚਲਾਨ ਸੀ ਤੇ ਮੇਰੇ ਤੋਂ ਇਕ ਵੀ ਪੈਸਾ ਨਾ ਲੈ ਕੇ ਮੈਨੂੰ ਮੇਰਾ ਆਟੋ ਵਾਪਸ ਕਰ ਦਿੱਤਾ।
ਉਹਨਾਂ ਕਿਹਾ ਕਿ ਉਹਨਾਂ ਨੂੰ ਤਾਂ ਕਦੇ ਉਮੀਦ ਹੀ ਨਹੀਂ ਸੀ ਕਿ ਉਹਨਾਂ ਦੇ ਇਹ ਚਲਾਨ ਮਾਫ਼ ਹੋਣਗੇ ਪਰ ਸੀਐੱਮ ਚੰਨੀ ਨੇ ਸਾਡਾ ਇਹ ਕੰਮ ਕਰਵਾ ਕੇ ਸਾਡੇ 'ਤੇ ਬਹੁਤ ਮਿਹਰਬਾਨੀ ਕੀਤੀ ਹੈ। ਇਕ ਹੋਰ ਵਿਅਕਤੀ ਨੇ ਗੱਲ ਕਰਦੇ ਹੋਏ ਕਿਹਾ ਕਿ ਉਸ ਦਾ 27 ਹਜ਼ਾਰ ਰੁਪਏ ਦਾ ਚਲਾਨ ਸੀ ਪਰ ਉਸ ਨੂੰ ਸਿਰਫ਼ 1 ਰੁਪਿਆ ਦੇਣਾ ਪਿਆ ਤੇ ਉਸ ਦਾ ਆਟੋ ਛੁੱਟ ਗਿਆ। ਉਹਨਾਂ ਕਿਹਾ ਕਿ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਵੀ ਆਟੋ ਚਾਲਕਾਂ ਬਾਰੇ ਨਹੀਂ ਸੋਚਿਆ ਪਰ ਜਦੋਂ ਤੋਂ ਸੀਐੱਮ ਚੰਨੀ ਆਏ ਨੇ ਉਸ ਦਿਨ ਤੋਂ ਸਭ ਦੀਆਂ ਮੁਸ਼ਕਿਲਾਂ ਹੱਲ ਹੋ ਰਹੀਆਂ ਹਨ।