
ਕੀਮਤ ਜਾਣ ਕੇ ਉੱਡ ਜਾਣਦੇ ਹੋਸ਼
ਨਵੀਂ ਦਿੱਲੀ— ਦਿੱਲੀ ਏਅਰਪੋਰਟ 'ਤੇ ਪਹੁੰਚੀ ਗਿਨੀ ਗਣਰਾਜ ਦੀ ਇਕ ਔਰਤ ਕੋਲੋਂ ਕਰੀਬ 15 ਕਰੋੜ ਰੁਪਏ ਦੀ ਕੋਕੀਨ ਬਰਾਮਦ ਹੋਈ ਹੈ। ਦਿੱਲੀ ਦੇ ਆਈਜੀਆਈ ਏਅਰਪੋਰਟ ਦੇ ਕਸਟਮ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਮਹਿਲਾ ਬਾਰੇ ਠੋਸ ਸੂਚਨਾ ਮਿਲੀ ਸੀ। ਜਦੋਂ ਕਸਟਮ ਅਧਿਕਾਰੀਆਂ ਨੇ ਮਹਿਲਾ ਨੂੰ ਏਅਰਪੋਰਟ ਤੋਂ ਬਾਹਰ ਜਾਣ ਸਮੇਂ ਰੋਕ ਕੇ ਪੁੱਛਗਿੱਛ ਕੀਤੀ ਤਾਂ ਮਹਿਲਾ ਨੇ ਖੁਲਾਸਾ ਕੀਤਾ ਕਿ ਉਸ ਨੇ ਨਸ਼ੀਲੇ ਕੈਪਸੂਲ ਨਿਗਲ ਲਏ ਸਨ, ਜਿਸ ਤੋਂ ਬਾਅਦ ਮਹਿਲਾ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਬਾਅਦ 'ਚ ਔਰਤ ਦੇ ਸਰੀਰ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।
ਕਸਟਮ ਅਧਿਕਾਰੀਆਂ ਮੁਤਾਬਕ ਔਰਤ 7 ਦਸੰਬਰ ਨੂੰ ਦਿੱਲੀ ਏਅਰਪੋਰਟ ਪਹੁੰਚੀ ਸੀ। ਅਧਿਕਾਰੀਆਂ ਨੇ ਔਰਤ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਨਸ਼ਾ ਨਿਗਲਣ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਐਮਰਜੈਂਸੀ 'ਚ ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੈਡੀਕਲ ਜਾਂਚ ਕੀਤੀ ਗਈ। ਸਰੀਰ ਵਿੱਚੋਂ ਕੈਪਸੂਲ ਕੱਢਣ ਦੀ ਪ੍ਰਕਿਰਿਆ ਕਈ ਦਿਨਾਂ ਤੱਕ ਚੱਲੀ।
ਅਧਿਕਾਰੀਆਂ ਮੁਤਾਬਕ ਔਰਤ 'ਤੇ 24 ਘੰਟੇ ਨਜ਼ਰ ਰੱਖੀ ਗਈ ਅਤੇ ਉਸ ਕੋਲੋਂ ਕੁੱਲ 82 ਕੈਪਸੂਲ ਬਰਾਮਦ ਕੀਤੇ ਗਏ, ਜਿਨ੍ਹਾਂ 'ਚੋਂ 1024 ਗ੍ਰਾਮ ਚਿੱਟਾ ਪਾਊਡਰ ਮਿਲਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਚਿੱਟਾ ਪਦਾਰਥ ਕੋਕੀਨ ਹੈ। ਇਸ ਕੋਕੀਨ ਦੀ ਕੀਮਤ 15.36 ਕਰੋੜ ਰੁਪਏ ਦੱਸੀ ਗਈ ਹੈ। ਕੋਕੀਨ ਜ਼ਬਤ ਕਰ ਲਈ ਹੈ।
ਮਹਿਲਾ ਯਾਤਰੀ ਨੂੰ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਉਸਦੇ ਖਿਲਾਫ ਐਨਡੀਪੀਐਸ ਐਕਟ 1985 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।