
1 ਜਨਵਰੀ 2023 ਤੋਂ ਹੋਵੇਗਾ ਲਾਗੂ
ਚੰਡੀਗੜ੍ਹ: ਸੰਪਰਕ ਸੈਂਟਰਾਂ ’ਚ ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਬਦਲੇ 1 ਜਨਵਰੀ ਤੋਂ ਅਦਾਇਗੀ ਕਰਨੀ ਪਵੇਗੀ। ਇਹ ਫ਼ੈਸਲਾ ਯੂਟੀ ਪ੍ਰਸ਼ਾਸਨ ਨੇ ਕੀਤਾ ਹੈ। ਇਸ ਫ਼ੈਸਲੇ ਦੇ ਨਾਲ ਹੀ ਈ-ਸੰਪਰਕ ਸੈਂਟਰਾਂ ਵਿੱਚ ਲੋਕਾਂ ਨੂੰ ਮੁਫ਼ਤ ਮਿਲਣ ਵਾਲੀਆਂ 18 ਸੇਵਾਵਾਂ ਲਈ ਭੁਗਤਾਨ ਕਰਨਾ ਪਵੇਗਾ। ਇਸ ਲਈ ਲੋਕਾਂ ਨੂੰ ਪਾਣੀ ਜਾਂ ਬਿਜਲੀ ਦਾ ਬਿੱਲ ਭਰਨ ਸਮੇਂ 20 ਤੋਂ 25 ਰੁਪਏ ਵਾਧੂ ਖਰਚਣੇ ਪੈਣਗੇ।
ਦੱਸ ਦਈਏ ਕਿ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਆਈਟੀ ਚੰਡੀਗੜ੍ਹ (ਐਸਪੀਆਈਸੀ) ਨੇ ਈ-ਸੰਪਰਕ ਸੈਂਟਰਾਂ ਵਿੱਚ 18 ਸੇਵਾਵਾਂ ’ਤੇ ਭੁਗਤਾਨ ਕਰਨ ਦੀ ਤਜਵੀਜ਼ ਯੂਟੀ ਪ੍ਰਸ਼ਾਸਨ ਕੋਲ ਰੱਖੀ ਸੀ ਜਿਸ ਨੂੰ ਯੂਟੀ ਪ੍ਰਸ਼ਾਸਨ ਨੇ ਪ੍ਰਵਾਨ ਕਰ ਲਿਆ ਹੈ।
ਈ-ਸੰਪਰਕ ਸੈਂਟਰਾਂ ਵਿੱਚ ਲੋਕਾਂ ਨੂੰ ਜਨਮ ਤੇ ਮੌਤ ਦਾ ਸਰਟੀਫਿਕੇਟ ਲੈਣ, ਪਾਣੀ ਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ, ਕਿਰਾਏਦਾਰਾਂ ਤੇ ਘਰੇਲੂ ਨੌਕਰਾਂ ਦੇ ਫਾਰਮ ਤਸਦੀਕ ਕਰਵਾਉਣ ਵਾਲਿਆਂ ਨੂੰ 25 ਰੁਪਏ ਦਾ ਵਾਧੂ ਦਾ ਭੁਗਤਾਨ ਕਰਨਾ ਪਵੇਗਾ। ਇਨ੍ਹਾਂ 18 ਸੇਵਾਵਾਂ ਵਿੱਚੋਂ ਸਮਾਜ ਭਲਾਈ ਵਿਭਾਗ ਦੀਆਂ ਪੰਜ ਸੇਵਾਵਾਂ ਅਤੇ ਵਿੱਤ ਵਿਭਾਗ ਦੀ ਇਕ ਸੇਵਾ ਲੋਕਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਈ-ਸੰਪਰਕ ਸੈਂਟਰ ਵਿੱਚ ਨਗਰ ਨਿਗਮ ਨਾਲ ਸਬੰਧਤ ਚਾਰ, ਪੁਲਿਸ ਨਾਲ ਸਬੰਧਤ ਦੋ, ਅਸਟੇਟ ਦਫ਼ਤਰ ਨਾਲ ਸਬੰਧਤ ਇਕ, ਬਿਜਲੀ ਵਿਭਾਗ ਦੀਆਂ ਤਿੰਨ ਤੇ ਕਰ ਤੇ ਆਬਕਾਰੀ ਵਿਭਾਗ ਦੀਆਂ ਦੋ ਸੇਵਾਵਾਂ ਸ਼ਾਮਲ ਹਨ। ਇਸ ਲਈ 2 ਰੁਪਏ ਤੋਂ ਲੈ ਕੇ 25 ਰੁਪਏ ਤੱਕ ਖਰਚਣੇ ਪੈਣਗੇ।