
ਜਦੋਂ ਧਰਮ ’ਚ ਰਾਜਨੀਤੀ ਵੜ ਜਾਵੇ ਤਾਂ ਉਹ ਧਰਮ ਨਹੀਂ ਰਹਿੰਦਾ : ਡਾ. ਸੁੱਖੀ ਬਰਾੜ
ਬੀਤੇ ਦਿਨੀ ਅਜਿਹੇ ਵਿਵਾਦ ਸਾਹਮਣੇ ਆਏ ਜਿਹੜੇ ਸਿੱਧੇ ਤੌਰ ’ਤੇ ਮਹਿਲਾਵਾਂ ਨਾਲ ਜੁੜੇ ਹੋਏ ਸੀ। ਇਕ ਪਾਸੇ ਹੋਬੀ ਧਾਲੀਵਾਲ ਦਾ ਇਕ ਐਂਕਰ ਨਾਲ ਵਾਦ-ਵਿਵਾਦ ਹੋ ਜਾਂਦਾ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮੂੰਹ ’ਚੋਂ ਨਿਕਲੇ ਬੀਬੀ ਜਗੀਰ ਕੌਰ ਲਈ ਅਪਸ਼ਬਦ ਵਾਇਰਲ ਹੋ ਗਏ ਜਿਸ ਕਾਰਨ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ ਤਲਬ ਕੀਤਾ।
ਅਜਿਹੇ ਮਾਮਲਿਆਂ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਟੀ.ਵੀ. ਦੀ ਟੀਮ ਲੋਕ ਗਾਇਕਾ ਡਾ. ਸੁੱਖੀ ਬਰਾੜ ਕੋਲ ਗੱਲਬਾਤ ਕਰਨ ਲਈ ਪਹੁੰਚੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਸਪੋਸਕਮੈਨ ਨਾਲ ਜੁੜੀ ਰਹੀ ਹਾਂ ਤੇ ਸੱਚ ਬੋਲਦੀ ਹਾਂ ਤੇ ਸਪੋਸਕਮੈਨ ਵੀ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਬੁਲੰਦੀਆਂ ’ਤੇ ਪਹੁੰਚ ਜਾਂਦਾ ਹੈ ਭਾਵੇਂ ਉਹ ਧਾਰਮਕ ਹੋਵੇ ਜਾਂ ਕੋਈ ਟੀ.ਵੀ. ਸਟਾਰ ਹੋਵੇ ਉਸ ਨੂੰ ਸੁਰਖ਼ੀਆ ’ਚ ਰਹਿਣ ਲਈ ਬਹੁਤ ਕੁੱਝ ਕਰਨਾ ਪੈਂਦਾ ਹੈ। ਜਿਸ ਲਈ ਉਸ ਵਿਚ ਸਹਿਨਸ਼ੀਲਤਾ ਦਾ ਹੋਣਾ ਬਹੁਤ ਜ਼ਰੂਰੀ ਹੈ।
ਕਿਸੇ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸਲਾਹਕਾਰ ਰਹੀ ਸੁੱਖੀ ਬਰਾੜ ਨੇ ਕਿਹਾ ਕਿ ਸਾਨੂੰ ਬਹੁਤ ਕੁੱਝ ਅਣਦੇਖਿਆ ਕਰਨਾ ਪੈਂਦਾ ਹੈ। ਅਸੀਂ ਵੀ ਸਟੇਜਾਂ ’ਤੇ ਜਾਂਦੇ ਹਨ ਜਿੱਥੇ ਐਂਕਰ ਅੱਗੇ ਹੋ ਕੇ ਬੋਲਦੀਆਂ ਹਨ ਸਾਨੂੰ ਘੱਟ ਸਮਾਂ ਮਿਲਦਾ ਹੈ। ਉਨ੍ਹਾਂ ਕਿਹਾ ਐਕਰਾਂ ਗਾਇਕ ਦਾ ਟਾਈਮ ਖਾ ਜਾਂਦੀਆਂ ਹਨ। ਉਨ੍ਹਾਂ ਕਿਹਾ ਬਲਜੀਤ ਜੋਹਲ ਵੀ ਮੇਰੇ ਕਾਫ਼ੀ ਨਜ਼ਦੀਕ ਨੇ ਤੇ ਉਨ੍ਹਾਂ ਨੇ ਮੇਰੇ ਨਾਲ ਕਾਫ਼ੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਹੋਬੀ ਧਾਲੀਵਾਲ ਨੂੰ ਚਿੜ ਇਸ ਗੱਲ ਦੀ ਹੋਈ ਹੈ ਕੇ ਉਸ ਨੂੰ ਮਾਈਕ ਨਹੀਂ ਦਿਤਾ ਗਿਆ ਜਿਸ ਕਰ ਕੇ ਧਾਲੀਵਾਲ ਨੇ ਕਿਹਾ ਮੈਂ ਕਾਫ਼ੀ ਵੱਡਾ ਬੰਦਾ ਹਾਂ।
ਉਨ੍ਹਾਂ ਅਪੀਲ ਕੀਤੀ ਕਿ ਮੇਰੇ ਭਰਾਵਾਂ ਨੂੰ ਬੋਲਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ ਤਾਂ ਹੀ ਕੁੱਝ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੋਚ ਕੇ ਬੋਲਣਾ ਚਾਹੀਦਾ ਹੈ ਕੀਤੇ ਸਾਡੇ ਲਫ਼ਜ ਕਿਸੇ ਦਾ ਦਿਲ ਤਾਂ ਦੁਖਾਉਂਦੇ ਹੋਣ। ਸੁੱਖੀ ਬਰਾੜ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਮੈਂ ਵੀ ਸਿੱਖ ਪਰਵਾਰ ਤੋਂ ਹਾਂ। ਮੈਂ ਵੀ ਅਕਾਲ ਤਖ਼ਤ ਤੇ ਦਸਾਂ ਗੁਰੂਆਂ ਨੂੰ ਮੰਨਦੀ ਹਾਂ। ਉਨ੍ਹਾਂ ਕਿਹਾ ਕਿ ਜਿਹੜੇ ਅਕਾਲ ਤਖ਼ਤ ਨੂੰ ਹੈਂਡਲ ਕਰ ਰਹੇ ਨੇ ਮੈਂ ਉਨ੍ਹਾਂ ਨੂੰ ਟਰਸਟ ਨਹੀਂ ਕਰਦੀ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਅਸੀਂ ਸਜ਼ਾ ਦੇਣੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵਿਚ ਕਿੰਨੇ ਭਾਂਡੇ ਮਾਜਦੇ ਨੇ ਕਿੰਨੇ ਪਰਕਰਮਾ ਸਾਫ਼ ਕਰਦੇ ਜਾਂ ਹੋਰ ਕੋਈ ਵੀ ਸੇਵਾ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਸਭ ਨੇ ਗੁਨਾਹ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਸ ਨੂੰ ਗੁਨਾਹਾਂ ਦੀ ਸਜ਼ਾ ਨਹੀਂ ਦਿਤੀ ਜਾ ਸਕਦੀ।
ਉਨ੍ਹਾਂ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਅਕਾਲ ਤਖ਼ਤ ਨੇ ਜਿਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਤੀ ਹੈ ਉਸ ਨਾਲ ਅਸੀਂ ਸਹਿਮਤ ਹਾਂ, ਪਰ ਜਿਹੜੇ ਵਿਅਕਤੀ ਨੇ ਰਾਜਨੀਤੀ ਵਿਚ ਗੁਨਾਹ ਕੀਤੇ ਹਨ ਉਸ ਨੂੰ ਇਹ ਵੀ ਸਜ਼ਾ ਹੋਣੀ ਚਾਹੀਦੀ ਸੀ ਕਿ ਉਹ ਜ਼ਿੰਦਗੀ ਵਿਚ ਕਦੇ ਰਾਜਨੀਤੀ ਨਹੀਂ ਕਰੇਗਾ। ਉਸ ਨੂੰ ਪੰਥ ਤੇ ਰਾਜਨੀਤੀ ’ਚੋਂ ਵੀ ਛੇਕਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਰਾਜਨੀਤੀ ਤੇ ਕੁਰਸੀ ਲਈ ਇਹ ਲੋਕ ਝੁੱਗੀਆਂ ਵਾਲਿਆਂ ਦਾ ਵੀ ਗੰਦ ਧੋ ਦੇਣਗੇ। ਉਨ੍ਹਾਂ ਕਿਹਾ ਇਹ ਰਾਜਨੀਤਕ ਲੋਕ ਕੁਰਸੀ ਲਈ ਕੁੱਝ ਵੀ ਕਰ ਸਕਦੇ ਹਨ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਧਰਮ ’ਚ ਰਾਜਨੀਤੀ ਵੜ ਜਾਵੇ ਤਾਂ ਉਹ ਧਰਮ ਨਹੀਂ ਰਹਿੰਦਾ।
ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਨੂੰ ਕੋਣ ਭੁੱਲ ਸਕਦਾ ਹੈ ਜਿੱਥੇ ਨੌਜਵਾਨਾਂ ’ਤੇ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਲੀਡਰ ਜਿਨ੍ਹਾਂ ਨੇ ਵੱਡੇ-ਵੱਡੇ ਗੁਨਾਹ ਕੀਤੇ ਹਨ। ਉਨ੍ਹਾਂ ਨੇ ਹੱਥ ਜੋੜ ਕੇ ਮੁਆਫ਼ੀ ਮੰਗ ਲਈ ਤੇ ਮੁਆਫ਼ੀ ਮਿਲ ਵੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਲੀਡਰ ਕੌਮ ਦੀ ਕੀ ਰਹਿਨੁਮਾਈ ਕਰਨਗੇ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਨੂੰ ਇਹ ਸਜ਼ਾ ਦਿਤੀ ਜਾਂਦੀ ਕਿ ਤੁਸੀਂ ਅਗਲੇ 10 ਸਾਲ ਰਾਜਨੀਤੀ ਨਹੀਂ ਕਰਨੀ ਤਾਂ ਲੋਕਾਂ ਦੇ ਕਲੇਜੇ ਵਿਚ ਠੰਢ ਪੈ ਜਾਣੀ ਸੀ।
ਉਨ੍ਹਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਕ ਵੱਡੀ ਸ਼ਖ਼ਸੀਅਤ ਹਨ ਉਨ੍ਹਾਂ ਵਲੋਂ ਇਹੋ ਜੀਹੀ ਹਰਕਤ ਕਰਨਾ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਮਹਿਲਾ ਕਮਿਸ਼ਨ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਧਾਮੀ ਸਾਹਬ ਇਕ ਵਧੀਆ ਸ਼ਖ਼ਸੀਅਤ ਹਨ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਤੋਂ ਗੁਰੇਜ ਕਰਨਾ ਚਾਹੀਦਾ ਸੀ। ਹੁਣ ਹਰਜਿੰਦਰ ਸਿੰਘ ਧਾਮੀ ਨੇ ਮੁਆਫ਼ੀ ਮੰਗੀ ਹੈ ਪਰ ਫ਼ੈਸਲਾ ਮਹਿਲਾ ਕਮਿਸ਼ਨ ਲਵੇਗਾ।