
ਕਿਹਾ, ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਦੀ ਨਿਗਰਾਨੀ ਨਿਆਂਇਕ ਅਧਿਕਾਰੀ ਵਲੋਂ ਕੀਤੀ ਜਾਣੀ ਚਾਹੀਦੀ ਹੈ
NCB ਤੋਂ ਇਹ ਵੀ ਪੁਛਿਆ ਕਿ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ’ਚ ਕਿੰਨੇ ਲੋਕ ਨਸ਼ੇ ਦੇ ਆਦੀ ਹਨ
ਨਸ਼ਿਆਂ ਦੀ ਲਾਹਨਤ ਬਾਰੇ ਜਾਗਰੂਕ ਕਰਨ ਲਈ ਕਿਸ ਤਰ੍ਹਾਂ ਦੇ ਕਦਮ ਚੁਕੇ ਜਾ ਸਕਦੇ ਹਨ : ਪੰਜਾਬ ਅਤੇ ਹਰਿਆਣਾ ਹਾਈ ਕੋਰਟ
Punjab News: ਚੰਡੀਗੜ੍ਹ: ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਨਸ਼ਿਆਂ ਦੀ ਤਸਕਰੀ ਵਿਰੁਧ ਖੁਦ ਨੋਟਿਸ ਲੈਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਜ਼ਬਤ ਕੀਤੀ ਗਈ ਹੈਰੋਇਨ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਦੀ ਨਿਗਰਾਨੀ ਇਕ ਨਿਆਂਇਕ ਅਧਿਕਾਰੀ ਵਲੋਂ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਅਦਾਲਤ ਨੇ ਨੋਟ ਕੀਤਾ ਸੀ ਕਿ ਕਥਿਤ ਤੌਰ ’ਤੇ ਡਰੋਨ ਰਾਹੀਂ ਸਰਹੱਦ ’ਤੇ ਭਾਰਤ ’ਚ ਸਪਲਾਈ ਕੀਤੇ ਜਾ ਰਹੇ 755 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
ਕਾਰਜਕਾਰੀ ਚੀਫ ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਨਿਧੀ ਗੁਪਤਾ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਨੂੰ ਇਹ ਸਪੱਸ਼ਟ ਕਰਨ ਲਈ ਬਿਹਤਰ ਹਲਫਨਾਮਾ/ਸਥਿਤੀ ਰੀਪੋਰਟ ਦਾਇਰ ਕਰਨ ਦੇ ਹੁਕਮ ਦਿਤੇ ਕਿ ਹੈਰੋਇਨ ਪੰਜਾਬ ਨੂੰ ਕਦੋਂ ਸੌਂਪੀ ਗਈ ਸੀ ਅਤੇ ਪੰਜਾਬ ਸਰਕਾਰ ਇਸ ਨੂੰ ਨਸ਼ਟ ਕਰਨ ਲਈ ਕਿਵੇਂ ਨਜਿੱਠ ਰਹੀ ਹੈ।
ਹਾਲਾਂਕਿ, ਇਸ ਅਦਾਲਤ ਦਾ ਵਿਚਾਰ ਹੈ ਕਿ ਹੈਰੋਇਨ ਨੂੰ ਨਸ਼ਟ ਕਰਨ ਦੀ ਉਕਤ ਪ੍ਰਕਿਰਿਆ ਦੀ ਨਿਗਰਾਨੀ ਨਿਆਂਇਕ ਅਧਿਕਾਰੀ ਵਲੋਂ ਕੀਤੀ ਜਾਣੀ ਚਾਹੀਦੀ ਹੈ। ਬੈਂਚ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਉਪਰੋਕਤ ਸੰਦਰਭ ਦੇ ਸਬੰਧ ’ਚ ਤਾਜ਼ਾ ਸਥਿਤੀ ਰੀਪੋਰਟ ਦਾਇਰ ਕਰਨ ਦਾ ਵੀ ਹੁਕਮ ਦਿਤਾ ਗਿਆ ਹੈ।
ਅਦਾਲਤ ਨੇ ਭਾਰਤ ਸਰਕਾਰ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੂੰ ਜਵਾਬ ਦਾਇਰ ਕਰਨ ਦੇ ਹੁਕਮ ਦਿਤੇ ਹਨ ਕਿ ਹਰਿਆਣਾ, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਕਿੰਨੇ ਲੋਕ ਨਸ਼ੇ ਦੇ ਆਦੀ ਹਨ।
ਦਸੰਬਰ ’ਚ ਬੈਂਚ ਨੇ ਕਿਹਾ ਸੀ ਕਿ ਅਦਾਲਤ ਰੋਜ਼ਾਨਾ ਅਖਬਾਰ ‘ਦਿ ਪਾਇਨੀਅਰ’ ਚੰਡੀਗੜ੍ਹ ’ਚ ਛਪੀ ਇਕ ਖਬਰ ਦਾ ਖੁਦ ਨੋਟਿਸ ਲੈ ਰਹੀ ਹੈ, ਜਿਸ ’ਚ ਦਸਿਆ ਗਿਆ ਹੈ ਕਿ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਨਸ਼ਾ ਤਸਕਰੀ ਨਾਲ ਨਜਿੱਠਣ ਲਈ ਤਸਕਰਾਂ ਨੂੰ ਅਹਿਤਿਆਤੀ ਹਿਰਾਸਤ ’ਚ ਲੈਣ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਨੇ 75 ਵਿਅਕਤੀਆਂ ਦੀ ਸੂਚੀ ਦਿਤੀ ਹੈ, ਜਿਨ੍ਹਾਂ ’ਤੇ ਨਸ਼ਾ ਤਸਕਰੀ ’ਚ ਸ਼ਾਮਲ ਹੋਣ ਦਾ ਸ਼ੱਕ ਹੈ, ਉਨ੍ਹਾਂ ਨੂੰ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।
ਇਹ ਟਿਪਣੀ ਕਰਦਿਆਂ ਕਿ ਪੰਜਾਬ ’ਚ ਬਰਾਮਦ ਕੀਤੀਆਂ ਗਈਆਂ ਨਸ਼ੀਲੀਆਂ ਚੀਜ਼ਾਂ, ਜਿਵੇਂ ਕਿ ਅਖਬਾਰ ’ਚ ਰੀਪੋਰਟ ਕੀਤੀਆਂ ਗਈਆਂ ਹਨ, ਬਹੁਤ ਵੱਡੀਆਂ ਹਨ, ਅਦਾਲਤ ਨੇ ਸੂਬਿਆਂ ਨੂੰ ਇਹ ਦੱਸਣ ਦੇ ਹੁਕਮ ਦਿਤੇ ਕਿ ‘‘ਜਿਹੜੇ ਵਿਅਕਤੀ ਅੱਜ ਤਕ ਨਸ਼ਿਆਂ ਦੀ ਆਦਤ ’ਚ ਨਹੀਂ ਹਨ, ਉਨ੍ਹਾਂ ਨੂੰ ਨਸ਼ਿਆਂ ਦੀ ਲਾਹਨਤ ਬਾਰੇ ਜਾਗਰੂਕ ਕਰਨ ਲਈ ਕਿਸ ਤਰ੍ਹਾਂ ਦੇ ਕਦਮ ਚੁਕੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਕਿਵੇਂ ਰੋਕਿਆ ਜਾਣਾ ਚਾਹੀਦਾ ਹੈ।’’
(For more news apart from Punjab News, stay tuned to Rozana Spokesman)