
ਲੁਧਿਆਣਾ ਦੇ ਅਤਿ ਪ੍ਰਦੂਸ਼ਿਤ ਬੁੱਢੇ ਨਾਲੇ ਦੇ ਨਵੀਨੀਕਰਨ ਦੀ ਮੁਹਿੰਮ ਤਹਿਤ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਨਵੀਨੀਕਰਨ ਲਈ ਪਹਿਲੇ ਪੜਾਅ ਵਿਚ 650
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਲੁਧਿਆਣਾ ਦੇ ਅਤਿ ਪ੍ਰਦੂਸ਼ਿਤ ਬੁੱਢੇ ਨਾਲੇ ਦੇ ਨਵੀਨੀਕਰਨ ਦੀ ਮੁਹਿੰਮ ਤਹਿਤ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਨਵੀਨੀਕਰਨ ਲਈ ਪਹਿਲੇ ਪੜਾਅ ਵਿਚ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿਤੀ। ਮੰਤਰੀ ਮੰਡਲ ਨੇ ਇਹ ਵੀ ਫ਼ੈਸਲਾ ਕੀਤਾ ਕਿ ਸ਼ਹਿਰੀ ਖੇਤਰਾਂ ਵਿਚ ਜਲ ਸਪਲਾਈ ਤੇ ਵਾਤਾਵਰਣ ਸੁਧਾਰ ਦੇ ਪ੍ਰੋਗਰਾਮਾਂ ਲਈ ਫ਼ੰਡ ਇਕੱਤਰ ਕਰਨ ਲਈ ਸ਼ਹਿਰੀ ਜਾਇਦਾਦਾਂ ਦੀ ਖ਼ਰੀਦ ਤੇ ਵੇਚ ਉਪਰ ਇਕ ਫ਼ੀ ਸਦੀ ਵਾਧੂ ਸਟੈਂਪ ਡਿਊਟੀ ਲਾਈ ਜਾਵੇ।
Captain Amrinder Singh
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਵਿਸਥਾਰ ਵਿਚ ਅੱਗੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮਹੱਤਵਪੂਰਨ ਯੋਜਨਾ ਤਹਿਤ 275 ਐਮ.ਐਲ.ਡੀ. ਦੀ ਸਮਰੱਥਾ ਵਾਲਾ ਵਾਧੂ ਸੀਵਰੇਜ ਟਰੀਟਮੈਂਟ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਾਲ ਜੁੜਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ ਜਿਸ ਨਾਲ ਬੁੱਢੇ ਨਾਲ ਦੀ ਸਮੱਸਿਆ ਅਤੇ ਸਤਲੁਜ ਦਰਿਆ ਵਿਚ ਪੈਂਦੇ ਪ੍ਰਦੂਸ਼ਣ ਦਾ ਪੱਕਾ ਹੱਲ ਨਿਕਲੇਗਾ।
File Photo
ਇਹ ਗੱਲ ਯਾਦ ਰੱਖਣਯੋਗ ਹੈ ਕਿ ਬੁੱਢੇ ਨਾਲੇ ਵਿਚ ਪੈਂਦਾ ਪ੍ਰਦੂਸ਼ਣ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਲਈ ਵੱਡਾ ਖ਼ਤਰਾ ਹੈ। ਨਾਲੇ ਵਿਚ ਪ੍ਰਦੂਸ਼ਣ ਦਾ ਮੁੱਖ ਕਾਰਨ ਉਦਯੋਗਾਂ, ਡੇਅਰੀਆਂ ਅਤੇ ਹੋਰ ਝੁੱਗੀ ਝੌਪੜੀਆਂ/ਰਿਹਾਇਸ਼ੀ ਖੇਤਰਾਂ ਵਲੋਂ ਨਾਲੇ ਵਿਚ ਸਿੱਧਾ ਵਹਾਅ ਹੈ। ਯੂ.ਏ.ਐਸ.ਬੀ. ਤਕਨਾਲੋਜੀ ਰਾਹੀਂ ਮੌਜੂਦਾ ਸੀਵਰੇਜ ਟਰੀਟਮੈਂਟ ਪਲਾਂਟਾਂ ਰਾਹੀਂ ਸੁਧਾਈ ਨਾਲੇ ਲਈ ਲੋੜੀਂਦੀ ਗੁਣਵੱਤਾ ਦੀ ਜ਼ਰੂਰਤ ਪੂਰੀ ਨਹੀਂ ਕਰਦਾ ਅਤੇ ਮੌਜੂਦਾ ਵਹਾਅ ਨੂੰ ਲਿਜਾਣ ਲਈ ਸੀਵਰੇਜ ਸਿਸਟਮ ਦੀ ਸਮਰੱਥਾ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਨਾਕਾਫ਼ੀ ਹੈ।
Sutlej river
ਜ਼ਿਕਰਯੋਗ ਹੈ ਕਿ ਬੁੱਢਾ ਨਾਲਾ ਸਤਲੁਜ ਦਰਿਆ ਦੀ ਮੌਸਮੀ ਸਹਾਇਕ ਨਦੀ ਹੈ ਜਿਹੜਾ ਘੁਮੈਤ ਤੇ ਕੁੰਮ ਕਲਾਂ ਪਿੰਡਾਂ ਨੇੜੇ ਕੁੰਮ ਲਿੰਕ ਡਰੇਨ ਤੇ ਨੀਲੋਂ ਡਰੇਨ ਦੇ ਸੰਗਮ ਵਿੱਚੋਂ ਨਿਕਲਦਾ ਹੋਇਆ ਦਰਿਆ ਦੀ ਪੂਰਬੀ-ਪੱਛਮੀ ਦਿਸ਼ਾ ਵੱਲ ਵਹਿੰਦਾ ਹੈ। ਇਸ ਨਾਲੇ ਦੀ ਕੁੱਲ ਲੰਬਾਈ 47.55 ਕਿਲੋ ਮੀਟਰ ਹੈ ਅਤੇ ਲੁਧਿਆਣਾ ਸ਼ਹਿਰ ਵਿੱਚੋਂ ਨਿਕਲਦਾ ਹੋਇਆ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ। ਸ਼ਹਿਰ ਵਿੱਚੋਂ ਗੁਜ਼ਰਨ ਦੀ ਇਸ ਦੀ ਲੰਬਾਈ 14 ਕਿਲੋਮੀਟਰ ਹੈ।