
ਮੋਦੀ ਸਰਕਾਰ ਨੇ ਨਨਕਾਣਾ ਸਾਹਿਬ ਜਾ ਰਹੇ ਜਥੇ ਨੂੰ ਆਗਿਆ ਨਾ ਦੇ ਕੇ ਬਹੁਤ ਵੱਡੀ ਗ਼ਲਤੀ ਕੀਤੀ : ਜਥੇਦਾਰ
ਅੰਮਿ੍ਰਤਸਰ, 18 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਜਾ ਰਹੇ ਜਥੇ ਨੂੰ ਐਨ ਮੌਕੇ ਮੋਦੀ ਸਰਕਾਰ ਨੇ ਆਗਿਆ ਨਾ ਦੇ ਕੇ ਬਹੁਤ ਵੱਡੀ ਗ਼ਲਤੀ ਕੀਤੀ ਹੈ। ‘ਜਥੇਦਾਰ’ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 700 ਦੇ ਕਰੀਬ ਸ਼ਰਧਾਲੂ ਅੰਮਿ੍ਰਤਸਰ ਪੁੱਜ ਚੁੱਕੇ ਸਨ, ਜਿਨ੍ਹਾਂ ਨੇ 18 ਫ਼ਰਵਰੀ ਨੂੰ ਪਾਕਿਸਤਾਨ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਉਣਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁਗ਼ਲ ਦੌਰ ਵਿਚ ਅਜਿਹੀਆਂ ਰੋਕਾਂ ਲਗਦੀਆਂ ਰਹੀਆਂ ਹਨ ਪਰ ਉਸ ਵੇਲੇ ਹਿੰਦੂਆਂ ਤੇ ਅਜਿਹੇ ਵਰਤਾਰੇ ਕੀਤੇ ਜਾਂਦੇ ਸਨ ਪਰ ਭਾਰਤ ਵਿਚ ਭਾਜਪਾ ਦੀ ਮੋਦੀ ਸਰਕਾਰ ਨੇ ਸਿੱਖਾਂ ਦੀ ਆਸਥਾ ’ਤੇ ਹਮਲਾ ਕਰਦਿਆਂ ਨਿੰਦਣਯੋਗ ਕਾਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਹੌਲਨਾਕ ਸਾਕਾ ਵਾਪਰਿਆ ਸੀ ਜਿਥੇ ਅਨੇਕਾਂ ਸਿੱਖ ਸ਼ਹੀਦ ਹੋਏ। ਇਸ ਵਿਰੁਧ ਤੇ ਗੁਰੂਧਾਮਾਂ ਨੂੰ ਆਜ਼ਾਦ ਕਰਵਾਉਣ ਲਈ, ਗੁਰਦਵਾਰਾ ਸੁਧਾਰ ਲਹਿਰ ਚਲਾਈ ਗਈ ਅਤੇ ਜਿੱਤ ਦਰਜ ਕਰਨ ਉਪਰੰਤ ਉਸ ਸਮੇਂ ਦੀ ਹਿੰਦੂ ਲੀਡਰਸ਼ਿਪ ਨੇ ਬੜੇ ਫ਼ਖ਼ਰ ਨਾਲ ਕਿਹਾ ਸੀ ਅਸੀ ਅਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ ਪਰ ਜੋ ਕਾਰਾ ਮੋਦੀ ਸਰਕਾਰ ਨੇ ਕੀਤਾ ਹੈ ਉਸ ਨੂੰ ਜਿੰਨਾ ਵੀ ਨਿੰਦਿਆ ਜਾਵੇ ਥੋੜ੍ਹਾ ਹੈ ।