
ਸਾਹਨੀ ਨੇ ਵੱਖ-ਵੱਖ ਸੋਸ਼ਲ ਮੀਡੀਆ ਖਾਤਿਆਂ ਦੀਆਂ ਅਜਿਹੀਆਂ ਨਫ਼ਰਤ ਭਰੀਆਂ ਟਿੱਪਣੀਆਂ ਦੇ ਸਕ੍ਰੀਨਸ਼ੌਟਸ ਨੂੰ ਵੀ ਨੱਥੀ ਕੀਤਾ ਹੈ
ਚੰਡੀਗੜ੍ਹ - ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸਿੱਖ ਕੌਮ ਦੇ ਖਿਲਾਫ਼ ਨਫ਼ਰਤ ਭਰੇ ਭਾਸ਼ਣ ਅਤੇ ਫਿਰਕੂ ਮਤਭੇਦ ਦਾ ਪ੍ਰਚਾਰ ਕਰਨ ਵਾਲੇ ਬਹੁਤ ਸਾਰੇ ਸੋਸ਼ਲ ਮੀਡੀਆ ਖਾਤਿਆਂ 'ਤੇ ਆਪਣੇ ਦੁੱਖ ਅਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਲਿਖੇ ਇੱਕ ਪੱਤਰ ਵਿਚ ਸਾਹਨੀ ਨੇ ਮੰਗ ਕੀਤੀ ਹੈ ਕਿ ਆਈਟੀ ਨਿਯਮ 2021 ਦੇ ਤਹਿਤ ਐਮਰਜੈਂਸੀ ਪਾਵਰ ਦੀ ਵਰਤੋਂ ਕਰਦੇ ਹੋਏ ਅਜਿਹੇ ਖਾਤਿਆਂ ਨੂੰ ਤੁਰੰਤ ਬਲਾਕ ਕੀਤਾ ਜਾਣਾ ਚਾਹੀਦਾ ਹੈ ਅਤੇ ਦੋਸ਼ੀਆਂ ਦੇ ਖਿਲਾਫ਼ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਖ਼ਾਸ ਭਾਈਚਾਰੇ ਬਾਰੇ ਕੋਈ ਅਪਮਾਨਜਨਕ ਟਿੱਪਣੀ ਲਿਖਣ ਤੋਂ ਪਹਿਲਾਂ ਹਰ ਕੋਈ ਕੁੱਝ ਗਲਤ ਕਰਨ ਤੋਂ ਪਹਿਲਾਂ ਸੋਚੇ।
ਸਾਹਨੀ ਨੇ ਵੱਖ-ਵੱਖ ਸੋਸ਼ਲ ਮੀਡੀਆ ਖਾਤਿਆਂ ਦੀਆਂ ਅਜਿਹੀਆਂ ਨਫ਼ਰਤ ਭਰੀਆਂ ਟਿੱਪਣੀਆਂ ਦੇ ਸਕ੍ਰੀਨਸ਼ੌਟਸ ਨੂੰ ਵੀ ਨੱਥੀ ਕੀਤਾ ਹੈ ਜਿਸ ਵਿਚ ਲਿਖਿਆ ਹੈ "ਦੇਖੋ ਕਿਵੇਂ ਖਾਲਿਸਤਾਨੀ ਅਤਿਵਾਦੀ ਭੰਨ-ਤੋੜ ਕਰਦੇ ਹਨ", "ਅਜਿਹੇ ਹਾਲਾਤ ਵਿਚ ਜਿੱਥੇ ਸਿੱਖਾਂ ਦਾ ਵੱਡਾ ਹਿੱਸਾ ਘਾਤਕ ਅੱਤਵਾਦੀ ਖਾਲਿਸਤਾਨੀ ਬਣ ਗਿਆ ਹੈ... ਅਤੇ ਹੋਰ ਤੇਜ਼ੀ ਨਾਲ ਰਾਸ਼ਟਰ ਵਿਰੋਧੀ ਰੁਖ਼ ਅਪਣਾ ਰਹੇ ਹਨ……” ਅਤੇ “ਇੱਕ ਵਾਰ ਫਿਰ 1984 ਦਾ ਸਮਾਂ ਆ ਗਿਆ ਹੈ”, ਅਤੇ “ਹਰਿਮੰਦਰ – ਮੂਰਤੀਆਂ ਨੂੰ ਢਾਹ ਕੇ ਗੁਰਦੁਆਰਾ ਬਣਾ ਦਿੱਤਾ ਗਿਆ ਸੀ, ਆਓ ਹਰਮੰਦਿਰ ਦਾ ਦਾਅਵਾ ਕਰਨ ਲਈ ਪਟੀਸ਼ਨ ਦਾਇਰ ਕਰੀਏ”….ਅਤੇ…. "ਹੁਣ ਉਨ੍ਹਾਂ ਨਾਲ ਭਾਰਤ ਦੇ ਹਰ ਸ਼ਹਿਰ ਵਿਚ 1984 ਦੇ ਸਿੱਖ ਕਤਲੇਆਮ ਵਾਂਗ ਸਲੂਕ ਕਰਨ ਦੀ ਲੋੜ ਹੈ" ਅਤੇ "ਸਿੱਖ ਗੁਰੂਆਂ ਨੂੰ ਮੁਸਲਮਾਨ ਬਾਦਸ਼ਾਹਾਂ ਦੁਆਰਾ ਸਹੀ ਢੰਗ ਨਾਲ ਸ਼ਹੀਦ ਕੀਤਾ ਗਿਆ ਸੀ...।"
ਸਾਹਨੀ ਨੇ ਕਿਹਾ ਕਿ ਇਹਨਾਂ ਵਿਚੋਂ ਕੁਝ ਟਿੱਪਣੀਆਂ ਇੰਨੀਆਂ ਅਪਮਾਨਜਨਕ ਅਤੇ ਸਾਡੇ ਦੇਸ਼ ਵਿਚ ਫਿਰਕੂ ਤਣਾਅ ਫੈਲਾਉਣ ਵਾਲੀਆਂ ਹਨ, ਜਿਨ੍ਹਾਂ ਨੂੰ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੀ ਸ਼ਾਂਤੀਪੂਰਨ ਸਹਿ-ਹੋਂਦ ਲਈ ਨੱਥ ਪਾਉਣੀ ਚਾਹੀਦੀ ਹੈ।