
ਪਹਿਲੀ ਪੰਚਾਇਤ ਸਮੇਂ ਹੋਇਆ ਸੀ ਘਪਲਾ ਪਰ ਮੌਜੂਦਾ ਸਰਪੰਚ ਗ਼ਰੀਬਾਂ ਦਾ ਦਰਦੀ
ਰੋਜ਼ਾਨਾ ਸਪੋਸਮੈਨ ਦੀ ਟੀਮ ਨੇ ਮੈਡਮ ਨਿਮਰਤ ਕੌਰ ਸਮੇਨ ਪਿੰਡ ਆਕੜੀ ’ਚ ਇਕ ਸ਼ੱਥ ਲਗਾਈ। ਜਿਸ ਦੌਰਾਨ ਪਿੰਡ ਦੇ ਹਾਲਾਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤੇ ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪਿੰਡ ਦਾ ਵਿਕਾਸ ਚਾਹੁੰਦੇ ਹਾਂ ਜੋ ਪਿਛਲੇ ਕਾਫ਼ੀ ਸਮੇਂ ਨਹੀਂ ਹੋਇਆ ਹੈ। ਪਿੰਡ ਦੇ ਸਰਪੰਚ ਨੇ ਕਿਹਾ ਕਿ 5 ਪੰਜ ਸਾਲ ਪਹਿਲਾਂ ਸਾਡੇ ਪੰਜ ਪਿੰਡਾਂ ਦੀ 1100 ਏਕੜ ਜ਼ਮੀਨ ਅਕਵੈਰ ਹੋਈ ਸੀ ਜਿਸ ਦੌਰਾਨ ਪੌਣੇ ਚਾਰ ਸੌ ਕਰੋੜ ਰੁਪਏ ਆਇਆ ਸੀ ਤੇ ਸਾਡੇ ਪਿੰਡ ਨੂੰ ਵੀ 51 ਤੋਂ 52 ਕਰੋੜ ਰੁਪਏ ਆਇਆ ਸੀ।
ਉਨ੍ਹਾਂ ਕਿਹਾ ਕਿ ਇਸ ਪੈਸੇ ਵਿਚੋਂ 12 ਕਰੋੜ ਰੁਪਏ ਦਾ ਘਪਲਾ ਹੋਇਆ ਸੀ ਤੇ ਹੁਣ ਜਦੋਂ ‘ਆਪ’ ਸਰਕਾਰ ਬਣੀ ਸੀ ਤਾਂ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਗਏ ਸੀ ਤੇ ਉਨ੍ਹਾਂ ਨੂੰ ਸਾਰੇ ਮਾਮਲੇ ਬਾਰੇ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਅਸੀਂ ਗ੍ਰਰਾਮ ਸਭਾ ਦਾ ਮਤਾ ਪਾਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਪਿੰਡ ਨੇ ਮੰਗ ਕੀਤੀ ਹੈ ਕਿ ਜਿਹੜਾ 12 ਕਰੋੜ ਰੁਪਏ ਕਾਂਗਰਸ ਸਰਕਾਰ ਮੌਕੇ ਪਿੰਡ ਦੀ ਪੰਚਾਇਤ ਨੇ ਘਪਲਾ ਕੀਤਾ ਸੀ ਉਹ ਸਮੇਤ ਵਿਆਜ ਮੌਜੂਦਾ ਪੰਚਾਇਤ ਦੇ ਖਾਤੇ ਵਿਚ ਪਾਇਆ ਜਾਵੇ ਤਾਂ ਜੋ ਪਿੰਡ ਦਾ ਵਿਕਾਸ ਕੀਤਾ ਜਾ ਸਕੇ।
photo
ਉਨ੍ਹਾਂ ਕਿਹਾ ਕਿ 26 ਕਰੋੜ 42 ਲੱਖ ਰੁਪਏ ਅੱਜ ਦੇ ਟਾਈਮ ਪੰਚਾਇਤ ਦੇ ਖਾਤੇ ਵਿਚ ਪਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਪੰਚਾਇਤਾਂ ਨੇ ਗ਼ਰੀਬ ਲੋਕਾਂ ਬਾਰੇ ਕੁੱਝ ਨਹੀਂ ਸੋਚਿਆਂ ਪੰਚਾਇਤ ਮੈਂਬਰ ਆਪਣੇ ਢਿੱਡ ਭਰਦੇ ਰਹੇ। ਪਿੰਡ ਦੇ ਇਕ 70 ਸਾਲਾ ਬਜ਼ੁਰਗ ਨੇ ਕਿਹਾ ਕਿ ਮੇਰੀ ਸਾਰੀ ਜ਼ਿੰਦਗੀ ਵਿਚ ਪਿੰਡ ਦਾ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡਾ ਪਿੰਡ ਜਿਵੇਂ 70 ਸਾਲ ਪਹਿਲਾਂ ਸੀ ਉਸ ਤਰ੍ਹਾਂ ਦਾ ਹੀ ਹੁਣ ਹੈ।
ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਪਿੰਡ ਵਿਚ ਗਲੀਆਂ, ਨਾਲੀਆਂ ਕੱਚੀਆਂ ਪਈਆਂ ਹਨ ਤੇ ਪਿੰਡ ਵਿਚ ਸਿਰਫ਼ ਇਕ ਪ੍ਰਾਈਵੇਟ ਬੱਸ ਆਉਂਦੀ ਕੋਈ ਸਰਕਾਰੀ ਬਸ ਨਹੀਂ ਆਉਂਦੀ ਸਾਨੂੰ ਆਉਣ ਜਾਣ ਵਿਚ ਬਹੁਤ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਸਕੂਲ ਦੀ ਹਾਲਤ ਮਾੜੀ ਹੈ, ਨਾ ਕੋਈ ਬੱਚਿਆਂ ਲਈ ਗਰਾਊਂਡ ਹੈ ਤੇ ਨਾ ਹੀ ਕੋਈ ਡਿਸਪੈਸਰੀ, ਨਾ ਹੀ ਡੰਗਰਾਂ ਦਾ ਹਸਪਤਾਲ ਹੈ।
photo
ਉਨ੍ਹਾਂ ਕਿਹਾ ਕਿ ਮੌਜੂਦਾ ਸਰਪੰਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਜੋ ਗ਼ਰੀਬ ਲੋਕਾਂ ਦੀ ਖੁਲ੍ਹ ਕੇ ਮਦਦ ਕਰਦਾ ਹੈ। ਪਿੰਡ ਦਿਆਂ ਔਰਤਾਂ ਨੇ ਕਿਹਾ ਕਿ ਪੰਚਾਇਤ ਤੇ ਪਿੰਡ ਵਾਸੀਆਂ ਨੇ ਮਤਾ ਪਾਇਆ ਹੈ ਕਿ ਜਿਹੜੇ ਗ਼ਰੀਬ ਲੋਕਾਂ ਦੇ ਕੱਚੇ ਮਕਾਨ ਹਨ ਉਨ੍ਹਾਂ ਨੂੰ 9-9 ਲੱਖ ਤੇ ਇਕ ਪੰਜ ਮਰਲੇ ਦਾ ਪਲਾਟ ਦਿਤਾ ਜਾਵੇ। ਇਕ 70 ਸਾਲਾ ਬਜ਼ੁਰਗ ਔਰਤ ਨੇ ਕਿਹਾ ਕਿ ਮੈਂ ਨਰੇਗਾ ਦਾ ਕੰਮ ਕਰਦੀ ਹਾਂ ਤਾਂ ਹੀ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਹੈ ਤੇ ਮੇਰੇ ਘਰ ਦੀ ਇੰਨੀ ਮਾੜੀ ਹਾਲਤ ਹੈ
ਕਿ ਜੇ ਥੋੜ੍ਹਾ ਜਿਹਾ ਵੀ ਮੀਂਹ ਪੈ ਜਾਵੇ ਤਾਂ ਸਾਡੇ ਸਾਰੇ ਘਰ ਵਿਚ ਪਾਣੀ ਹੀ ਪਾਣੀ ਖੜ੍ਹ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਘਰ ਬਿਜਲੀ ਦਾ ਮੀਟਰ ਵੀ ਨਹੀਂ ਸੀ ਜੋ ਹੁਣ ਜਾ ਕੇ ਲਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਉਮੀਦਾਂ ਤਾਂ ਹੁਣ ਮੌਜੂਦਾ ਸਰਪੰਚ ਤਕ ਹਨ ਉਹ ਹੀ ਸਾਡੇ ਨਾਲ ਖੜ੍ਹ ਕੇ ਸਾਡੇ ਤੇ ਸਾਡੇ ਪਿੰਡ ਦੇ ਕੰਮ ਕਰਵਾਏਗਾ। ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਸਾਡੇ ਪਿੰਡ ਵਿਚ ਸਕੂਲ ਦੀ ਮਾੜੀ ਹਾਲਤ ਹੈ
photo
ਜਿਸ ਵਿਚ ਅਧਿਆਪਕ ਵੀ ਪੂਰੇ ਨਹੀਂ ਹਨ ਜਿਸ ਕਾਰਨ ਅਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਇੰਨੀਆਂ ਜ਼ਿਆਦਾ ਹੈ ਕਿ ਸਾਨੂੰ ਸੋਚਣਾ ਪੈਂਦਾ ਹੈ ਕਿ ਘਰ ਦਾ ਗੁਜ਼ਾਰਾ ਚਲਾਈਏ ਜਾਂ ਫਿਰ ਬੱਚਿਆਂ ਦੀਆਂ ਫ਼ੀਸਾਂ ਭਰੀਏ। ਉਨ੍ਹਾਂ ਕਿਹਾ ਕਿ ਪਿੰਡ ਡਿਸਪੈਂਸਰੀ ਨਾ ਹੋਣ ਕਰ ਕੇ ਸਾਨੂੰ ਪਿੰਡ ਤੋਂ ਕਾਫ਼ੀ ਦੂਰ ਜਾਣਾ ਪੈਂਦਾ ਹੈ।
ਸ਼ੱਥ ਦੌਰਾਨ ਪਿੰਡ ਦੇ ਸਰਪੰਚ ਨੇ ਐਲਾਨ ਕੀਤਾ ਕੀਤਾ ਕਿ ਪਿੰਡ ਦਾ ਕੋਈ ਵੀ ਬੱਚਾ ਡਾਕਟਰੀ, ਇੰਜੀਨੀਅਰ ਆਦਿ ਉਚ ਪੱਧਰ ਦੀ ਪੜ੍ਹਾਈ ਕਰਦਾ ਹੈ ਤਾਂ ਉਸ ਬੱਚੇ ਦਾ ਖ਼ਰਚਾ ਪੰਚਾਇਤ ਚੁੱਕੇਗੀ ਜਾਂ ਫਿਰ ਖੇਡਾਂ ਵਿਚ ਕੋਈ ਬੱਚਾ ਪਿੰਡ ਦਾ ਨਾਂ ਰੋਸ਼ਨ ਕਰੇਗਾ ਉਸ ਦਾ ਵੀ ਖ਼ਰਚਾ ਪੰਚਾਇਤ ਵਲੋਂ ਕੀਤਾ ਜਾਵੇਗਾ।