ਅਸ਼ਵਨੀ ਮਰਵਾਹਾ ਨੇ ਅਧਿਆਪਕਾਂ ਦੇ ਇਨਕਰੀਮੈਂਟ ਅਤੇ ਸਕੂਲ ਦੇ ਕਮਰਿਆਂ ਨੂੰ ਪੇਂਟ ਕਰਨ ਲਈ ਰਿਸ਼ਵਤ ਜਾਂ ਕਮਿਸ਼ਨ ਦੀ ਕੀਤੀ ਮੰਗ
ਚੰਡੀਗੜ੍ਹ (ਸਤਵਿੰਦਰ ਧੜਾਕ): ਪੰਜਾਬ ਸਰਕਾਰ ਦੇ ਸਕੂਲ ਸਿਖਿਆ ਵਿਭਾਗ ਨੇ ਬਲਾਕ ਨੌਸ਼ਹਿਰਾ ਪੰਨੂਆ (ਜ਼ਿਲ੍ਹਾ ਤਰਨਤਾਰਨ) ਦੇ ਬਲਾਕ ਪ੍ਰਾਇਮਰੀ ਸਿਖਿਆ ਅਧਿਕਾਰੀ (ਬੀਪੀਈਓ) ਅਸ਼ਵਨੀ ਮਰਵਾਹਾ ਨੂੰ ਗੰਭੀਰ ਦੋਸ਼ਾਂ ਕਾਰਨ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਹੈ।
ਵਿਭਾਗ ਦੇ ਸਕੱਤਰ ਸਿਖਿਆ ਸੋਨਾਲੀ ਗਿਰੀ ਨੇ ਕਾਰਵਾਈ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ, 1970 ਦੇ ਨਿਯਮ 4(1)(ਏ) ਤਹਿਤ ਕੀਤੀ ਹੈ। ਵਿਭਾਗੀ ਆਦੇਸ਼ ਅਨੁਸਾਰ, ਬਲਾਕ ਨੌਸ਼ਹਿਰਾ ਪੰਨੂਆ ਦੇ ਲਗਭਗ 40 ਅਧਿਆਪਕਾਂ ਨੇ ਅਸ਼ਵਨੀ ਮਰਵਾਹਾ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿਚ ਗੰਭੀਰ ਦੋਸ਼ ਲਗਾਏ ਗਏ ਸਨ।
ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਸੀ ਕਿ ਅਧਿਆਪਕਾਂ ਦੇ ਇਨਕਰੀਮੈਂਟ ਅਤੇ ਸਕੂਲ ਦੇ ਕਮਰਿਆਂ ਨੂੰ ਪੇਂਟ ਕਰਨ ਲਈ ਰਿਸ਼ਵਤ ਜਾਂ ਕਮਿਸ਼ਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ’ਤੇ ਅਧਿਕਾਰੀ ਦੀਆਂ ਗਤੀਵਿਧੀਆਂ ਨੂੰ ਵੀ ਗੰਭੀਰ ਦੁਰਾਚਾਰ ਅਤੇ ਅਨੁਸ਼ਾਸਨਹੀਣਤਾ ਮੰਨਿਆ ਗਿਆ ਸੀ। ਸਰਕਾਰ ਨੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਤੁਰਤ ਪ੍ਰਭਾਵ ਨਾਲ ਮੁਅੱਤਲੀ ਦਾ ਹੁਕਮ ਜਾਰੀ ਕੀਤਾ ਹੈ।
