
ਕੋਲਕਾਤਾ ਦੇ ਕਾਰੋਬਾਰੀ ਵਲੋਂ ਲੁਧਿਆਣਾ ਦੇ ਹੋਟਲ 'ਚ ਖ਼ੁਦਕੁਸ਼ੀ
ਲੁਧਿਆਣਾ : ਇੱਥੋਂ ਦੇ ਇਕ ਹੋਟਲ ਵਿਚ ਕੋਲਕਾਤਾ ਦੇ ਕਾਰੋਬਾਰੀ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰਜੀਤ ਸਿੰਘ ਨਾਂਅ ਦੇ ਕਾਰੋਬਾਰੀ ਦੀ ਲਾਸ਼ ਬੀਤੀ ਦੇਰ ਸ਼ਾਮ ਹੋਟਲ ਦੇ ਕਮਰੇ 'ਚ ਲਟਕਦੀ ਹੋਈ ਮਿਲੀ। ਜਾਣਕਾਰੀ ਅਨੁਸਾਰ ਇਹ ਕਾਰੋਬਾਰੀ 10 ਦਿਨ ਪਹਿਲਾਂ ਕਾਰੋਬਾਰ ਦੇ ਸਿਲਸਿਲੇ 'ਚ ਲੁਧਿਆਣਾ ਆਇਆ ਸੀ ਅਤੇ ਸੁਭਾਨੀ ਬਿਲਡਿੰਗ ਇਲਾਕੇ ਦੇ ਕੱਕੜ ਹੋਟਲ 'ਚ ਠਹਿਰਿਆ ਹੋਇਆ ਸੀ। ਉਹ ਕੋਲਕਾਤਾ ਦੇ ਹੁਬਲੀ ਦਾ ਰਹਿਣ ਵਾਲਾ ਸੀ ਅਤੇ ਸ਼ੇਅਰਿੰਗ ਦਾ ਕਾਰੋਬਾਰ ਕਰਦਾ ਸੀ।
suicide
ਘਟਨਾ ਦੀ ਸੂਚਨਾ ਮਿਲਦਿਆਂ ਹੀ ਏ.ਸੀ.ਪੀ. ਨਾਰਥ ਲਖਵੀਰ ਸਿੰਘ ਟਿਵਾਣਾ, ਐੱਸ.ਐੱਚ.ਓ. ਕੋਤਵਾਲੀ ਬਲਵੀਰ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੂੰ ਮੁੱਢਲੀ ਜਾਂਚ ਦੌਰਾਨ ਕਾਰੋਬਾਰੀ ਦੇ ਕਮਰੇ 'ਚੋਂ ਐਲਪ੍ਰੈਕਸ ਦੀਆਂ ਗੋਲੀਆਂ ਮਿਲੀਆਂ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਟਲ ਮੈਨੇਜਰ ਜਸਵੰਤ ਸਿੰਘ ਰਾਵਤ ਨੇ ਦੱਸਿਆ ਕਿ ਅਮਰਜੀਤ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੇ ਹੋਟਲ ਵਿਚ ਆ ਕੇ ਠਹਿਰਦਾ ਸੀ। ਇਸ ਵਾਰ 10 ਦਿਨ ਪਹਿਲਾਂ ਉਹ ਆਇਆ ਸੀ। ਅੱਜ ਸਾਰਾ ਦਿਨ ਉਹ ਕਮਰੇ 'ਚੋਂ ਬਾਹਰ ਨਹੀਂ ਆਇਆ।
suicide
ਦੁਪਹਿਰ ਕਰੀਬ 2.30 ਵਜੇ ਅਮਰਜੀਤ ਦੇ ਬੇਟੇ ਜਿੰਮੀ ਦਾ ਹੋਟਲ ਦੇ ਲੈਂਡ ਲਾਈਨ ਨੰਬਰ 'ਤੇ ਫ਼ੋਨ ਆਇਆ ਕਿ ਉਸ ਦੇ ਪਿਤਾ ਫ਼ੋਨ ਨਹੀਂ ਚੁੱਕ ਰਹੇ, ਜਿਸ 'ਤੇ ਉਨ੍ਹਾਂ ਨੇ ਵੇਟਰ ਨੂੰ ਦੇਖਣ ਲਈ ਭੇਜਿਆ। ਕਈ ਵਾਰ ਦਰਵਾਜ਼ਾ ਖੜਕਾਉਣ 'ਤੇ ਅੰਦਰੋਂ ਕੋਈ ਆਵਾਜ਼ ਨਹੀਂ ਆਈ ਤਾਂ ਵੇਟਰ ਇਹ ਸੋਚ ਕੇ ਵਾਪਸ ਆ ਗਿਆ ਕਿ ਉਹ ਆਰਾਮ ਕਰ ਰਹੇ ਹੋਣਗੇ। ਸ਼ਾਮ 6.30 ਵਜੇ ਫਿਰ ਜਿੰਮੀ ਦਾ ਫ਼ੋਨ ਆਇਆ। ਇਸ ਵਾਰ ਵੀ ਅਮਰਜੀਤ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
suicide
ਕਿਸੇ ਤਰ੍ਹਾਂ ਉਨ੍ਹਾਂ ਨੇ ਰੌਸ਼ਨਦਾਨ ਰਾਹੀਂ ਦੇਖਿਆ ਤਾਂ ਪੱਖੇ ਨਾਲ ਅਮਰਜੀਤ ਦੀ ਲਾਸ਼ ਲਟਕ ਰਹੀ ਸੀ। ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਦਿੱਤੀ ਅਤੇ ਪੁਲਸ ਦੇ ਪਹੁੰਚਣ ਦੇ ਬਾਅਦ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ, ਜੋ ਕਿ ਅੰਦਰੋਂ ਬੰਦ ਸੀ। ਜਿਸ ਦੇ ਬਾਅਦ ਪੁਲਸ ਨੇ ਅਮਰਜੀਤ ਦੇ ਪਰਿਵਾਰ ਵਾਲਿਆਂ ਤੇ ਲੋਕਲ ਰਹਿ ਰਹੇ ਉਸ ਦੇ ਜਾਣ-ਪਛਾਣ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ, ਜੋ ਦੇਰ ਰਾਤ ਹੋਟਲ ਪਹੁੰਚੇ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।