
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੱਢਿਆ ਨੌਜਵਾਨ ਮੋਟਰਸਾਈਕਲ ਮਾਰਚ
ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਅੱਜ ਨੌਜਵਾਨਾਂ ਵੱਲੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਮਾਰਚ ਦੀ ਅਗਵਾਈ ਕਿਸਾਨ ਆਗੂ ਜਗਸੀਰ ਝੁੰਬਾ ਵੱਲੋਂ ਕੀਤੀ ਗਈ। ਕਿਸਾਨ ਆਗੂ ਜਗਸੀਰ ਝੁੰਬਾ ਨੇ ਕਿਹਾ ਕਿ 21 ਮਾਰਚ ਨੂੰ ਸੁਨਾਮ ਵਿਖੇ ਹੋਣ ਰਹੀ ਨੌਜਵਾਨ ਕਾਨਫ਼ਰੰਸ ਨੂੰ ਲੈ ਕੇ ਪਿੰਡਾਂ ਵਿਚ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਲਾਮਬੰਦ ਕਰਨ ਲਈ ਮਾਰਚ ਕੱਢੇ ਜਾ ਰਹੇ ਹਨ।
Motorcycle March
ਇਸ ਦੇ ਤਹਿਤ ਹੀ ਅੱਜ ਪਿੰਡਾਂ ਦੀਆਂ ਸੜਕਾਂ ’ਤੇ ਨੌਜਵਾਨਾਂ ਨੇ ਮੋਟਰਸਾਈਕਲ ਮਾਰਚ ਕੱਢ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਹਨਾਂ ਦੱਸਿਆ ਕਿ 21 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
Motorcycle March
ਉਹਨਾਂ ਦੱਸਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਦਿੱਲੀ ਵਿਖੇ ਲਲਕਾਰ ਰੈਲੀ ਕੀਤੀ ਜਾਵੇਗੀ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਹੋਵੇਗੀ।
Farmer Leader
ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਣਕ ਦੀ ਖਰੀਦ ਅਤੇ ਕਿਸਾਨਾਂ ਦੀ ਜ਼ਮੀਨੀ ਰਿਕਾਰਡ ਮੰਗ ਰਹੀ ਉਹ ਕਿਸੇ ਵੀ ਹਾਲਤ ਵਿਚ ਜਮ੍ਹਾਂ ਨਹੀਂ ਕਰਵਾਏ ਜਾਣਗੇ ਕਿਉਂਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਕਿਸਾਨਾਂ ਨੂੰ ਖਤਮ ਕਰਨ ’ਤੇ ਤੁਰੀ ਹੋਈ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਆਦੇਸ਼ ਲਾਗੂ ਕੀਤਾ ਗਿਆ ਹੈ ਕਿ ਕਣਕ ਦੀ ਖ਼ਰੀਦ ਦੀ ਰਕਮ ਸਿੱਧੀ ਖਾਤਿਆਂ ਵਿਚ ਤਾਂ ਹੀ ਪਾਈ ਜਾਵੇਗੀ ਜੇਕਰ ਕਿਸਾਨ ਆਪਣੀ ਜ਼ਮੀਨ ਦੀਆਂ ਫਰਦਾਂ ਸਰਕਾਰ ਕੋਲ ਜਮ੍ਹਾਂ ਕਰਵਾਉਣਗੇ।