
ਅਸਮ ਦੇ ਡਿਬਰੂਗੜ੍ਹ ਜੇਲ੍ਹ 'ਚ ਰੱਖਿਆ ਜਾਵੇਗਾ
ਮੋਹਾਲੀ : ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਐਤਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ। ਪੰਜਾਬ ਪੁਲਿਸ ਨੇ ਇਨ੍ਹਾਂ ਦੀ ਭਾਲ ਲਈ ਸੂਬੇ ਵਿੱਚ ਇੱਕ ਮੈਗਾ ਸਰਚ ਅਭਿਆਨ ਚਲਾਇਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀਆਂ ਖਬਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਚਾਰ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਦੇ ਇਨ੍ਹਾਂ ਚਾਰਾਂ ਸਾਥੀਆਂ ਨੂੰ ਪੰਜਾਬ ਪੁਲਿਸ ਅਸਮ ਦੇ ਡਿਬਰੂਗੜ੍ਹ ਲੈ ਗਈ ਹੈ ਜਿਥੇ ਉਨ੍ਹਾਂ ਨੂੰ ਉਥੋਂ ਦੀ ਹੀ ਜੇਲ੍ਹ ਵਿਚ ਰੱਖਿਆ ਜਾਵੇਗਾ।
ਸ਼ਨੀਵਾਰ ਨੂੰ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਗੱਡੀ ਵਿਚ ਅੰਮ੍ਰਿਤਪਾਲ ਸਿੰਘ ਭੱਜ ਰਿਹਾ ਸੀ ਉਸ ਗੱਡੀ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦਾ ਮੋਬਾਈਲ ਫੋਨ ਵੀ ਇਸੇ ਗੱਡੀ ਵਿੱਚੋਂ ਮਿਲਿਆ ਹੈ।
ਕੁਝ ਮੀਡੀਆ ਰਿਪੋਰਟਾਂ ਵਿਚ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੀ ਗੱਲ ਕੀਤੀ ਜਾ ਰਹੀ ਸੀ ਪਰ ਦੇਰ ਰਾਤ ਪੁਲਿਸ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਫਰਾਰ ਹੈ ਅਤੇ ਉਸ ਦੀ ਭਾਲ ਜਾਰੀ ਹੈ। ਸੂਤਰਾਂ ਮੁਤਾਬਕ ਉਸ 'ਤੇ NSA ਲਗਾਇਆ ਜਾ ਸਕਦਾ ਹੈ। ਅੰਮ੍ਰਿਤਪਾਲ ਦੇ ਫਾਈਨਾਂਸਰ ਦਲਜੀਤ ਸਿੰਘ ਕਲਸੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਉਹ ਇੱਕ ਅਦਾਕਾਰ ਅਤੇ ਨਿਰਮਾਤਾ ਹੈ। ਪੁਲਿਸ ਹੁਣ ਤੱਕ ਅੰਮ੍ਰਿਤਪਾਲ ਸਿੰਘ ਦੇ 78 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਕਈ ਹਥਿਆਰ ਵੀ ਬਰਾਮਦ ਹੋਏ ਹਨ।