
ਤਿੰਨ ਮਹੀਨਿਆਂ ਦੇ ਅੰਦਰ ਜਾਂਚ ਦੀ ਰੀਪੋਰਟ ਪੇਸ਼ ਕਰਨ ਦਾ ਹੁਕਮ
ਚੰਡੀਗੜ੍ਹ: ਪੁਲਿਸ ਹਿਰਾਸਤ ’ਚ ਇਕ ਔਰਤ ਦੀ ਮੌਤ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਵਲੋਂ ਕੀਤੀ ਗਈ ਜਾਂਚ ’ਚ ਕਮੀਆਂ ਦਸਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਣ ਜਾਂਚ CBI ਨੂੰ ਸੌਂਪ ਦਿਤੀ ਹੈ। ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ (CBI) ਨੂੰ ਤਿੰਨ ਮਹੀਨਿਆਂ ਦੇ ਅੰਦਰ ਜਾਂਚ ਦੀ ਰੀਪੋਰਟ ਪੇਸ਼ ਕਰਨ ਦਾ ਹੁਕਮ ਦਿਤਾ ਹੈ।
ਪਟੀਸ਼ਨ ਦਾਇਰ ਕਰਦਿਆਂ ਮੁਕੁਲ ਗਰਗ ਨੇ ਕਿਹਾ ਕਿ ਪਟੀਸ਼ਨਕਰਤਾ ਅਤੇ ਉਸ ਦੀ ਮੰਗੇਤਰ ਰਮਨਦੀਪ ਕੌਰ ਨੂੰ ਪੁਲਿਸ ਨੇ ਧੋਖਾਧੜੀ ਦੇ ਮਾਮਲੇ ’ਚ ਪੁੱਛ-ਪੜਤਾਲ ਲਈ ਅਗੱਸਤ 2017 ’ਚ ਚੁਕਿਆ ਸੀ। ਇਸ ਤੋਂ ਬਾਅਦ ਉਸ ਦੀ ਮੰਗੇਤਰ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਜਿਸ ਕਾਰਨ ਉਸ ਦੀ ਕਥਿਤ ਤੌਰ ’ਤੇ ਮੌਤ ਹੋ ਗਈ। ਜਦੋਂ ਪਟੀਸ਼ਨਕਰਤਾ ਦੇ ਪਰਵਾਰ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤਾਂ ਤੁਰਤ ਇਸ ’ਤੇ ਪਰਦਾ ਪਾਉਣਾ ਸ਼ੁਰੂ ਕਰ ਦਿਤਾ ਗਿਆ ਅਤੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਬਣਾ ਦਿਤਾ ਗਿਆ। ਪਟੀਸ਼ਨ ਦਾਇਰ ਹੋਣ ਤੋਂ ਬਾਅਦ ਹਾਈ ਕੋਰਟ ਦੇ ਹੁਕਮ ’ਤੇ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ। ਐਸ.ਆਈ.ਟੀ. ਨੇ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਸੀ।
ਪੰਜਾਬ ਸਰਕਾਰ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਿਤਾ ਸੀ ਕਿ ਮ੍ਰਿਤਕ ਦਾ ਉਸ ਤੋਂ ਇਲਾਵਾ ਕੋਈ ਹੋਰ ਨਹੀਂ ਸੀ, ਜਦਕਿ ਐਸ.ਆਈ.ਟੀ. ਦੇ ਸਾਹਮਣੇ ਕਿਹਾ ਗਿਆ ਸੀ ਕਿ ਲੜਕੀ ਦਾ ਉਸ ਦੇ ਪਰਵਾਰ ਦੀ ਉਡੀਕ ਕੀਤੇ ਬਿਨਾਂ ਜ਼ਬਰਦਸਤੀ ਸਸਕਾਰ ਕਰ ਦਿਤਾ ਗਿਆ ਸੀ। ਅਜਿਹੇ ’ਚ ਬਿਆਨ ’ਚ ਬਦਲਾਅ ਦੀ ਦਲੀਲ ਦਿੰਦੇ ਹੋਏ ਜਾਂਚ ਸੀ.ਬੀ.ਆਈ. ਨੂੰ ਨਾ ਸੌਂਪਣ ਦੀ ਅਪੀਲ ਕੀਤੀ ਗਈ।
ਜਦੋਂ ਹਾਈ ਕੋਰਟ ਨੇ SIT ਦੀ ਰੀਪੋਰਟ ਵੇਖੀ ਤਾਂ ਪਾਇਆ ਕਿ ਰੀਪੋਰਟ ’ਚ ਚਾਕੂ ਦਾ ਕੋਈ ਜ਼ਿਕਰ ਨਹੀਂ ਸੀ ਜਿਸ ਦੀ ਇਸ ਕੇਸ ’ਚ ਬਹੁਤ ਮਹੱਤਵਪੂਰਨ ਭੂਮਿਕਾ ਸੀ। ਮ੍ਰਿਤਕ ਦੇ ਦੋਵੇਂ ਹੱਥਾਂ ਦੀਆਂ ਕਲਾਈਆਂ ’ਤੇ ਜ਼ਖ਼ਮ ਸਨ। ਚਾਕੂ ਮ੍ਰਿਤਕ ਦੇ ਅੰਡਰਗਾਰਮੈਂਟਸ ਵਿਚੋਂ ਮਿਲਿਆ ਜਿਸ ਨੂੰ ਏ.ਐਸ.ਆਈ. ਸੁਖਦੇਵ ਸਿੰਘ ਦੇ ਹਵਾਲੇ ਕਰ ਦਿਤਾ ਗਿਆ। ਉਸ ਤੋਂ ਬਾਅਦ ਇਹ ਗਾਇਬ ਹੋ ਗਿਆ ਅਤੇ ਨਾ ਤਾਂ ਪੁਲਿਸ ਅਤੇ ਨਾ ਹੀ ਐਸ.ਆਈ.ਟੀ. ਨੇ ਇਸ ਦੀ ਜਾਂਚ ਕੀਤੀ। ਅਦਾਲਤ ਨੇ ਕਿਹਾ ਕਿ ਵੱਡਾ ਸਵਾਲ ਇਹ ਹੈ ਕਿ ਪੁਲਿਸ ਹਿਰਾਸਤ ’ਚ ਚਾਕੂ ਰਮਨਦੀਪ ਕੌਰ ਕੋਲ ਕਿੱਥੋਂ ਪਹੁੰਚਿਆ ਅਤੇ ਪੋਸਟਮਾਰਟਮ ਤੋਂ ਬਾਅਦ ਉਹ ਚਾਕੂ ਕਿੱਥੇ ਗਾਇਬ ਹੋ ਗਿਆ।
ਹਾਈ ਕੋਰਟ ਨੇ ਕਿਹਾ ਕਿ ਐਸ.ਆਈ.ਟੀ. ਦੀ ਜਾਂਚ ’ਚ ਬਹੁਤ ਸਾਰੀਆਂ ਖਾਮੀਆਂ ਸਨ ਅਤੇ ਅਜਿਹੇ ’ਚ ਲੋਕਾਂ ਨੂੰ ਕਾਨੂੰਨ ’ਤੇ ਭਰੋਸਾ ਰਖਣਾ ਚਾਹੀਦਾ ਹੈ, ਇਸ ਲਈ ਨਿਰਪੱਖ ਜਾਂਚ ਜ਼ਰੂਰੀ ਹੈ। ਹਾਈ ਕੋਰਟ ਨੇ ਜਾਂਚ CBI ਨੂੰ ਸੌਂਪ ਦਿਤੀ ਹੈ ਅਤੇ ਤਿੰਨ ਮਹੀਨਿਆਂ ਦੇ ਅੰਦਰ ਰੀਪੋਰਟ ਪੇਸ਼ ਕਰਨ ਦੇ ਹੁਕਮ ਦਿਤੇ ਹਨ।