
ਪਾਣੀ ਤੇ ਬਿਜਲੀ ਦਾ 25 ਹਜ਼ਾਰ ਕਰੋੜ ਦੇਵੇ ਪੰਜਾਬ
ਚੰਡੀਗੜ੍ਹ: ਪਿਛਲੇ ਕਾਂਗਰਸੀ ਮੁੱਖ ਮੰਤਰੀ ਵੀਰ ਭੱਦਰ ਸਿੰਘ ਵਲੋਂ ਹਿਮਾਚਲ ਪ੍ਰਦੇਸ਼ ਲਈ ਦਰਿਆਈ ਪਾਣੀਆਂ ਤੇ ਪੰਜਾਬ ਦੀ ਜ਼ਮੀਨ 'ਤੇ ਪ੍ਰਗਟਾਏ ਹੱਕ ਨੂੰ ਹੋਰ ਅੱਗੇ ਤੋਰਦਿਆਂ ਮੌਜੂਦਾ ਭਾਜਪਾ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਹੁਣ ਰਾਜਧਾਨੀ ਚੰਡੀਗੜ੍ਹ 'ਚੋਂ 7.19 ਫ਼ੀ ਸਦੀ ਹਿੱਸੇ ਦਾ ਦਾਅਵਾ ਕੀਤਾ ਹੈ। ਅੱਜ ਇਥੇ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਮਲਾ ਤੋਂ ਆਏ ਜੈ ਰਾਮ ਠਾਕੁਰ ਨੇ ਕਿਹਾ ਕਿ 1966 ਵਿਚ ਹਿਮਾਚਲ ਨੂੰ ਕਾਂਗੜਾ, ਬਿਲਾਸਪੁਰ, ਕੁੱਲੂ-ਮਨਾਲੀ-ਲਾਹੌਲ ਸਪਿਤੀ ਸਮੇਤ ਨਾਹਨ, ਸਿਰਮੌਰ, ਪਾਉਂਟਾ ਸਾਹਿਬ ਵਗਰੇ ਕਈ ਇਲਾਕੇ ਪੰਜਾਬ ਤੋਂ ਮਿਲ ਗਏ ਸਨ ਜਿਨ੍ਹਾਂ ਸਦਕਾ ਚੰਡੀਗੜ੍ਹ ਵੀ 7.19 ਫ਼ੀ ਸਦੀ ਹਿੱਸੇ ਦੇ ਅਧਿਕਾਰੀ ਤੇ ਕਰਮਚਾਰੀ ਤੈਨਾਤ ਹੋਏ ਸਨ। ਇਸੇ ਤਰ੍ਹਾਂ ਸਤਲੁਜ, ਰਾਵੀ, ਬਿਆਸ ਦਰਿਆਵਾਂ 'ਤੇ ਬਣਾਏ ਡੈਮਾਂ ਵਿਚ ਵੀ ਬਣਦੇ ਹਿੱਸੇ ਦੇ ਪਾਣੀਆਂ ਤੋਂ 25 ਹਜ਼ਾਰ ਕਰੋੜ ਦੇ ਮੁੱਲ ਦੀ ਬਿਜਲੀ ਦਾ ਦਾਅਵਾ ਵੀ ਪੰਜਾਬ ਸਿਰ ਸੁਪਰੀਮ ਕੋਰਟ ਨੇ ਮੰਨਿਆ ਹੈ।
Thakur
ਠਾਕੁਰ ਨੇ ਕਿਹਾ ਕਿ ਜਿਸ ਰਾਇਪੇਰੀਅਨ ਹੱਕਾਂ ਦੀ ਗੱਲ ਪੰਜਾਬ ਕਰ ਰਿਹਾ ਹੈ, ਸੁਪਰੀਮ ਕੋਰਟ ਵਿਚ ਸੂਬੇ ਦੀ ਪੈਰਵੀ ਕਰਦਾ ਹੈ, ਉਹ ਦਰਿਆ ਸਾਰੇ ਹਿਮਾਚਲ 'ਚੋਂ ਨਿਕਲਦੇ ਹਨ, ਪਹਿਲਾ ਹੱਕ ਹਿਮਾਚਲ ਦਾ ਬਣਦਾ ਹੈ। ਇਹ ਸਾਰਾ ਹਿੱਸਾ ਬੀਬੀਐਮਬੀ ਰਾਹੀਂ ਪੰਜਾਬ ਲਈ ਜਾ ਰਿਹਾ ਹੈ ਜਿਸ ਨੂੰ ਲੈਣ ਲਈ ਹਿਮਾਚਲ ਪ੍ਰਦੇਸ਼ ਅਦਾਲਤ ਰਾਹੀਂ ਕੋਸ਼ਿਸ਼ ਕਰ ਰਿਹਾ ਹੈ। ਪਹਿਲੀ ਵਾਰ ਮੁੱਖ ਮੰਤਰੀ ਬਣੇ ਠਾਕੁਰ ਨੇ ਕਿਹਾ ਕਿ ਇਸ ਸਾਰੇ ਝਮੇਲੇ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਰਾਹੀਂ ਤਿਨਾਂ ਮੁੱਖ ਮੰਤਰੀਆਂ ਦੀ ਬੈਠਕ ਛੇਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਧਾਰਮਕ ਤੇ ਇਤਿਹਾਸਕ ਖ਼ਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਤਕ ਰੋਪ ਵੇਅ ਪ੍ਰਾਜੈਕਟ ਜੋ ਪਿਛਲੀ ਕਾਂਗਰਸ ਸਰਕਾਰ ਨੇ ਠੱਪ ਕਰ ਦਿਤਾ ਸੀ, ਹੁਣ ਸ਼ਰਧਾਲੂਆਂ ਦੀ ਸਹੂਲਤ ਲਈ ਮੁੜ ਤੋਂ ਉਸਾਰਨਾ ਸ਼ੁਰੂ ਕਰ ਦਿਤਾ ਜਾਵੇਗਾ।