
ਫ਼ਾਇਰ ਬ੍ਰਿਗੇਡ ਦੀ ਗੱਡੀ ਅੱਗ ਨੂੰ ਬੁਝਾਉਣ ਦਾ ਯਤਨ ਕਰਦੀ ਹੋਈ।
ਜਗਰਾਉਂ, 18 ਅਪ੍ਰੈਲ (ਪਰਮਜੀਤ ਸਿੰਘ ਗਰੇਵਾਲ): ਪਿੰਡ ਤਲਵਾੜਾ ਦੇ ਖੇਤਾਂ ਵਿਚ ਸਰਪੰਚ ਸੁਖਦੇਵ ਸਿੰਘ ਦੀ ਕਰੀਬ 6 ਏਕੜ ਸਮੇਤ 14 ਏਕੜ ਖੜੀ ਕਣਕ ਅਤੇ 12 ਏਕੜ ਕਣਕ ਦੇ ਨਾੜ ਨੂੰ ਅਚਾਨਕ ਲੱਗੀ ਅੱਗ ਨੇ ਅਪਣੀ ਲਪੇਟ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਸਰਪੰਚ ਸੁਖਦੇਵ ਸਿੰਘ ਦਾ ਭਤੀਜਾ ਦਿਲਬਾਗ ਸਿੰਘ ਕੰਬਾਇਨ ਨਾਲ ਕਣਕ ਵੱਢ ਰਿਹਾ ਸੀ ਤਾਂ ਅਚਾਨਕ ਕੰਬਾਇਨ ਦੇ ਨਾਲ-ਨਾਲ ਚੱਲ ਰਹੇ ਟਰੈਕਟਰ ਵਿਚੋਂ ਨਿਕਲੀ ਚੰਗਿਆੜੀ ਨੇ ਸੁੱਕੀ ਕਣਕ ਨੂੰ ਅਪਣੀ ਲਪੇਟ ਵਿਚ ਲੈ ਲਿਆ। ਹਵਾ ਨਾਲ-ਨਾਲ ਚਲਦੀ ਅੱਗ ਨੇ ਪਿੰਡ ਸੇਖਕੁਤਬ ਵਲ ਦੀ ਕਣਕ ਦੇ ਖੇਤ ਅਤੇ ਕਣਕ ਦੇ ਨਾੜ ਵਾਲੇ ਖੇਤਾਂ ਨੂੰ ਸਾੜ ਕੇ ਸਵਾ ਕਰ ਦਿਤਾ। ਗੁਰਦੁਆਰੇ ਵਿਚ ਅਨਾਊਂਸਮੈਂਟ ਹੋਣ ਤੇ ਪਿੰਡ ਅਤੇ ਇਲਾਕੇ ਦੇ ਲੋਕ ਅਪਣੇ ਟਰੈਕਟਰਾਂ ਅਤੇ ਬਾਲਟੀਆਂ ਸਮੇਤ ਖੇਤਾਂ ਵਿਚ ਪੁੱਜ ਗਏ।
Crops Burnt
ਪ੍ਰਸਾਸ਼ਨ ਅਤੇ ਫ਼ਾਇਰ ਬ੍ਰਿਗੇਡ ਵਾਲਿਆਂ ਨੂੰ ਵੀ ਸੂਚਿਤ ਕੀਤਾ ਗਿਆ। ਮੌਕੇ 'ਤੇ ਪੁਲਿਸ ਪਾਰਟੀ ਸਮੇਤ ਪੁੱਜੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸ. ਰਾਜੇਸ਼ ਕੁਮਾਰ ਵਲੋਂ ਵੀ ਲੋਕਾਂ ਨੂੰ ਅੱਗ ਬੁਝਾਉਣ ਲਈ ਹੱਲਾਸ਼ੇਰੀ ਦਿਤੀ ਗਈ। ਜਦ ਤਕ ਫ਼²ਾਇਰ ਬ੍ਰਿਗੇਡ ਪੁੱਜੀ ਉਸ ਤੋਂ ਪਹਿਲਾਂ ਹੀ ਹਿੰਮਤ ਅਤੇ ਦਿਲੇਰੀ ਦਿਖਾਉਂਦਿਆਂ ਲੋਕਾਂ ਵਲੋਂ ਅੱਗ 'ਤੇ ਕਾਬੂ ਪਾ ਲਿਆ ਲਿਆ। ਫ਼ਾਇਰ ਬਿਰਗੇਡ ਬਚਦੀ ਕੁੱਝ ਕੁ ਹਿੱਸੇ 'ਚ ਲੱਗੀ ਅੱਗ ਬੁਝਾਉਣ 'ਚ ਕਾਫੀ ਸਹਾਈ ਹੋਈ ਅਤੇ ਅੱਗ ਨੂੰ ਪੂਰੀ ਤਰ੍ਹਾਂ ਸ਼ਾਂਤ ਕਰ ਦਿਤਾ। ਮੌਕੇ 'ਤੇ ਮੌਜੂਦ ਕਿਸਾਨਾਂ ਨੇ ਦਸਿਆ ਕਿ ਅੱਗ ਨਾਲ ਸਰਪੰਚ ਸੁਖਦੇਵ ਸਿੰਘ ਦੀ ਕਰੀਬ 6 ਏਕੜ, ਦਿਲਬਾਗ ਸਿੰਘ ਦੀ ਦੋ ਏਕੜ, ਹਰਦੇਵ ਸਿੰਘ ਦੀ ਤਿੰਨ ਏਕੜ ਸਮੇਤ ਕਈ ਹੋਰ ਕਿਸਾਨਾਂ ਦੀ ਕਣਕ ਅਤੇ ਕਈ ਕਿਸਾਨਾਂ ਦਾ ਕਰੀਬ 12 ਏਕੜ ਨਾੜ ਸੜ ਗਿਆ।