
ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਲੜਨ ਲਈ 300 ਕਰੋੜ ਰੁਪਏ ਖਰਚ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ
ਸ਼ਾਹਕੋਟ, 18 ਅਪ੍ਰੈਲ (ਹਰਦੀਪ ਸਿੰਘ ਖ਼ਾਲਸਾ) : ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਲੜਨ ਲਈ 300 ਕਰੋੜ ਰੁਪਏ ਖਰਚ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਾਹਕੋਟ ਦੇ ਨੇੜਲੇ ਪਿੰਡ ਬਿੱਲੀ ਚੁਹਾਰਮੀ ਵਿਖੇ ਕੋਰੋਨਾ ਵਾਇਰਸ ਨਾਲ ਲੜਨ ਲਈ ਬਣਾਏ ਗਏ ਸੰਤ ਵਰਿਆਮ ਸਿੰਘ ਹਸਪਤਾਲ ਨੂੰ ਲੋਕਾਂ ਅਰਪਣ ਕਰਨ ਸਮੇਂ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨਾਲ ਗੱਲਬਾਤ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਨਾਲ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਸੇਰੋਵਾਲੀਆ ਤੇ ਪ੍ਰਗਟ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਲ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ, ਮਈ ਅਤੇ ਜੂਨ ਦੇ ਮਹੀਨਿਆਂ ਦੌਰਾਨ 100 ਕਰੋੜ ਰੁਪਏ ਦੇ ਮੈਡੀਕਲ ਉਪਕਰਣ ਖਰੀਦੇ ਜਾ ਰਹੇ ਹਨ। ਬਾਦਲ ਨੇ ਲੋਕਾਂ ਨੂੰ ਭਰੋਸਾ ਦਿਤਾ ਕਿ ਸੰਕਟ ਦੀ ਇਸ ਘੜੀ ਵਿਚ ਲੋਕਾਂ ਨੂੰ ਬਚਾਉਣ ਲਈ ਹਰ ਯਤਨ ਕੀਤੇ ਜਾਣਗੇ।
ਵਿੱਤ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ 200 ਦੇਸ਼ਾਂ ਵਿਚ ਫੈਲ ਰਹੀ ਇਸ ਮਹਾਮਾਰੀ ਨੇ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਵੱਡਾ ਝਟਕਾ ਦਿਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪਹਿਲਾਂ ਹੀ ਪ੍ਰਸਿੱਧ ਅਰਥ ਸ਼ਾਸਤਰੀ ਤੇ ਰਾਸ਼ਟਰੀ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਡਾ. ਮੋਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਇਕ ਪੈਨਲ ਦਾ ਗਠਨ ਕਰ ਚੁੱਕੀ ਹੈ, ਜੋ ਮਹਾਮਾਰੀ ਦੇ ਕਾਰਨ ਰਾਜ ਦੀ ਆਰਥਿਕਤਾ ਨੂੰ ਵਿੱਤੀ ਤਣਾਅ ਤੋਂ ਬਾਹਰ ਕੱਢਣ ਦੇ ਤਰੀਕਿਆਂ ਅਤੇ ਸਾਧਨਾਂ ਦਾ ਸੁਝਾਅ ਦੇਵੇਗੀ। ਬਾਦਲ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
File photo
ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਸਮੇਤ ਸਮੁੱਚੇ ਡਾਕਟਰੀ ਭਾਈਚਾਰੇ ਨੂੰ ਲੋਕਾਂ ਦਾ ਮਸੀਹਾ ਦਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਵਿਚ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਨੂੰ ਇਤਿਹਾਸ ਵਿਚ ਸ਼ਾਨਦਾਰ ਢੰਗ ਨਾਲ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਭਾਈਚਾਰਾ ਕੋਰੋਨਾ ਵਾਇਰਸ ਵਿਰੁਧ ਲੜਾਈ ਦੌਰਾਨ ਸ਼ਾਨਦਾਰ ਕੰਮ ਕਰ ਰਿਹਾ ਹੈ। ਸ. ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਾਲਾਬੰਦੀ/ਕਰਫ਼ਿਊ ਦੌਰਾਨ ਕੋਰੋਨਾ ਵਿਰੁਧ ਲੜਾਈ ਨੂੰ ਉਨ੍ਹਾਂ ਦੇ ਘਰਾਂ ਤਕ ਸੀਮਤ ਰੱਖਣ ਦੀ ਹਮਾਇਤ ਕਰਨ।
ਮਨਪ੍ਰੀਤ ਬਾਦਲ ਨੇ ਜਲੰਧਰ ਮੋਗਾ ਹਾਈਵੇਅ ’ਤੇ ਹਸਪਤਾਲ ਨੂੰ ਪ੍ਰਸਿੱਧ ਸੁਤੰਤਰਤਾ ਸੈਨਾਨੀ ਸੰਤ ਵਰਿਆਮ ਸਿੰਘ ਦੇ ਨਾਮ ’ਤੇ ਸਮਰਪਤ ਕੀਤਾ। ਆਪ੍ਰੇਸ਼ਨ ਥੀਏਟਰ, ਐਕਸਰੇ ਮਸ਼ੀਨ ਤੇ ਹੋਰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਵਿਚ 20 ਬੈੱਡਾਂ ਦੀ ਵੀ ਸਹੂਲਤ ਹੋਵੇਗੀ।
ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਵੀ ਇੰਡੀਅਨ ਮੈਡੀਕਲ ਐਸੋਸੀਏਸਨ ਵਲੋਂ ਮਨੁੱਖਤਾ ਦੀ ਲੜਾਈ ਦਾ ਮੁਕਾਬਲਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਸੰਕਟ ਦੀ ਘੜੀ ਵਿਚ ਇੰਡੀਅਨ ਮੈਡੀਕਲ ਐਸੋਸੀਏਸਨ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ-19 ਨਾਲ ਪ੍ਰਭਾਵਸ਼ਾਲੀ ਨਾਲ ਮੁਕਾਬਲਾ ਕਰਨਾ ਸਮੇਂ ਦੀ ਲੋੜ ਹੈ।
ਇਸ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਪ੍ਰਗਟ ਸਿੰਘ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਡੀਸੀ ਜਲੰਧਰ ਵਰਿੰਦਰ ਕੁਮਾਰ ਸਰਮਾ, ਐਸਐਸਪੀ ਨਵਜੋਤ ਸਿੰਘ ਮਾਹਲ, ਉਪ ਮੰਡਲ ਮੈਜਿਸਟਰੇਟ ਡਾ. ਸੰਜੀਵ ਸਰਮਾ ਅਤੇ ਅਮਿਤ ਕੁਮਾਰ, ਡਾ ਪੰਕਜ ਪਾਲ, ਡਾ: ਚੰਦਰ ਬੋਰੀ, ਸ. ਡਾ. ਰਮਨ ਚਾਵਲਾ, ਡਾ. ਪੀ.ਐਸ.ਬਖ਼ਸ਼ੀ, ਡਾ. ਜੈਸਮੀਨ ਕੌਰ ਸਮੇਤ ਹੋਰ ਹਾਜ਼ਰ ਸਨ।