
ਤਫ਼ਤੀਸ਼ ਤੋਂ ਬਾਅਦ ਜਬਰ ਜਨਾਹ ਦਾ ਮੁਕੱਦਮਾ ਦਰਜ
ਲੁਧਿਆਣਾ, 18 ਅਪ੍ਰੈਲ (ਗੁਰਮਿੰਦਰ ਗਰੇਵਾਲ): ਮਹਾਂਨਗਰ ’ਚ ਸਥਿਤ ਇਕ ਹਸਪਤਾਲ ’ਚ ਕੰਮ ਕਰਨ ਵਾਲੀ ਸਹਿਯੋਗੀ ਮੁਟਿਆਰ ਨਾਲ ਸ਼ਾਤਰ ਨੌਜਵਾਨ ਵਲੋਂ ਕਥਿਤ ਅਪਣੇ ਆਪ ਨੂੰ ਕੁਆਰਾ ਦਸ ਕੇ ਜਿਸਮਾਨੀ ਰਿਸ਼ਤਾ ਕਾਇਮ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਉਕਤ ਸ਼ਾਤਰ ਨੌਜਵਾਨ ਨੇ ਮੁਟਿਆਰ ਨੂੰ ਇਹ ਕਹਿ ਕੇ ਝਾਂਸੇ ’ਚ ਲੈ ਲਿਆ ਕਿ ਉਸ ਦਾ ਹਾਲੇ ਵਿਆਹ ਨਹੀਂ ਹੋਇਆ ਅਤੇ ਉਹ ਛੇਤੀ ਹੀ ਉਸ ਨਾਲ ਵਿਆਹ ਕਰਵਾ ਲਵੇਗਾ । ਇਸ ਮਾਮਲੇ ’ਚ ਥਾਣਾ ਵੋਮੈਨ ਦੀ ਪੁਲਸ ਨੇ ਪੀੜਤਾ ਦੇ ਬਿਆਨਾਂ ਉਪਰ ਪਿੰਡ ਸੁਨੇਤ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੇ ਵਿਰੁਧ ਮੁਕੱਦਮਾ ਦਰਜ ਕਰ ਲਿਆ ਹੈ।
File photo
ਥਾਣਾ ਵੋਮੈਨ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਮੁਟਿਆਰ ਨੇ ਦਸਿਆ ਕਿ ਮੁਲਜ਼ਮ ਉਸ ਦੇ ਨਾਲ ਹਸਪਤਾਲ ਵਿਚ ਨੌਕਰੀ ਕਰਦਾ ਸੀ । ਕੱੁਝ ਅਰਸਾ ਪਹਿਲਾਂ ਦੋਵਾਂ ਦੀ ਆਪਸ ਵਿਚ ਦੋਸਤੀ ਹੋ ਗਈ ਅਤੇ ਨੌਜਵਾਨ ਨੇ ਮੁਟਿਆਰ ਨੂੰ ਇਹ ਕਹਿ ਕੇ ਝਾਂਸੇ ਵਿਚ ਲੈ ਲਿਆ ਕਿ ਉਹ ਜਲਦੀ ਹੀ ਉਸ ਨਾਲ ਵਿਆਹ ਕਰਵਾ ਲਵੇਗਾ। ਨੌਜਵਾਨ ਨੇ ਅਪਣੇ ਆਪ ਨੂੰ ਕੁਆਰਾ ਦਸਿਆ ਅਤੇ ਕੱੁਝ ਦਿਨ ਪਹਿਲਾਂ ਨੌਜਵਾਨ ਨੇ ਲੜਕੀ ਨਾਲ ਸਰੀਰਕ ਸਬੰਧ ਬਣਾਏ। ਕੱੁਝ ਦਿਨਾਂ ਬਾਅਦ ਮੁਟਿਆਰ ਨੂੰ ਪਤਾ ਲੱਗਾ ਕਿ ਕਈ ਸਾਲ ਪਹਿਲਾਂ ਮਨਪ੍ਰੀਤ ਦਾ ਵਿਆਹ ਹੋ ਚੁੱਕਾ ਹੈ।
ਲੜਕੀ ਨੇ ਜਦ ਨੌਜਵਾਨ ਨੂੰ ਇਸ ਸਬੰਧੀ ਪੁੱਛਿਆ ਤਾਂ ਉਹ ਅਪਣੇ ਪਹਿਲੇ ਵਿਆਹ ਦੀ ਗੱਲ ਤੋਂ ਸਾਫ਼ ਮੁੱਕਰ ਗਿਆ । ਲੜਕੀ ਨੇ ਜਦ ਨੌਜਵਾਨ ਉੱਪਰ ਵਿਆਹ ਕਰਵਾਉਣ ਦਾ ਦਬਾਅ ਬਣਾਇਆ ਤਾਂ ਨੌਜਵਾਨ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ । ਕਥਿਤ ਮੁਲਜ਼ਮ ਨੇ ਲੜਕੀ ਨਾਲ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿਤਾ । ਇਸ ਮਾਮਲੇ ਵਿਚ ਲੜਕੀ ਨੇ ਵਿਮੈਨ ਦੀ ਟੀਮ ਨੂੰ ਸ਼ਿਕਾਇਤ ਦਿਤੀ ਪੜਤਾਲ ਤੋਂ ਬਾਅਦ ਪੁਲਿਸ ਨੇ ਮਨਪ੍ਰੀਤ ਸਿੰਘ ਦੇ ਵਿਰੁੁਧ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਹੈ ।