
ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਹੋਰ ਸਟਾਕ ਛੇਤੀ ਹੀ ਭੇਜਆ ਜਾ ਰਿਹਾ ਹੈ।
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੈਕਸੀਨ ਅਤੇ ਆਕਸੀਜ਼ਨ ਦੇ ਘਟੇ ਰਹੇ ਭੰਡਾਰ ਉਤੇ ਚਿੰਤਾ ਜਾਹਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਵੈਕਸੀਨ ਦੀ ਸਪਲਾਈ ਤੁਰੰਤ ਭੇਜਣ ਅਤੇ ਸੂਬੇ ਵਿਚ ਦੋ ਨਵੇਂ ਆਕਸੀਜਨ ਪਲਾਂਟ ਨੂੰ ਫੌਰੀ ਮਨਜੂਰੀ ਦੇਣ ਦੀ ਅਪੀਲ ਕੀਤੀ ਹੈ। ਸੂਬੇ ਵਿਚ ਮੌਜੂਦ ਵੈਕਸੀਨ ਬਾਰੇ ਮੁੱਖ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਥਿਤੀ ਨਾਜੁਕ ਹੈ ਅਤੇ ਸਿਰਫ ਤਿੰਨ ਦਿਨ ਦਾ ਸਟਾਕ ਬਚਿਆ ਹੈ ਪਰ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਹੋਰ ਸਟਾਕ ਛੇਤੀ ਹੀ ਭੇਜਆ ਜਾ ਰਿਹਾ ਹੈ।
OP Soni
ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਅੰਮਿਰਤਸਰ ਹਸਪਤਾਲ ਵਿਚ ਆਕਸੀਜਨ ਦੀ ਸਪਲਾਈ ਦੀ ਘਾਟ ਦਾ ਜਿਕਰ ਕੀਤਾ ਜਦਕਿ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਭਾਵੇਂ ਇੰਡੀਨ ਆਇਲ ਲਿਮਟਡ ਸੂਬੇ ਨੂੰ ਸਪਲਾਈ ਮੁਹੱਈਆ ਕਰਵਾ ਰਿਹਾ ਹੈ ਪਰ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਖੇ ਮੰਗ-ਸਪਲਾਈ ਉਤੇ ਨੇੜਿਓਂ ਨਿਗ੍ਹਾ ਰੱਖੀ ਜਾ ਰਹੀ ਹੈ। ਵਿਨੀ ਮਹਾਜਨ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿਚ ਸਥਿਤੀ ਦੀ ਨਿਗਰਾਨੀ ਕਰਨ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਨ ਲਈ ਸੂਬਾ ਸਰਕਾਰ ਨੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ।
Captain Amarinder singh
ਸਿਹਤ ਵਿਭਾਗ ਦੇ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਕਰੋਨਾ ਦੀ ਪਿਛਲੀ ਲਹਿਰ ਆਉਣ ਤੋਂ ਤਿੰਨ ਪਲਾਂਟ ਕਾਰਜਸ਼ੀਲ ਹੋ ਚੁੱਕੇ ਹਨ ਅਤੇ ਅੰਮਿਰਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿਖੇ ਦੋ ਪਲਾਂਟ ਲਈ ਕੇਂਦਰ ਦੀ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਹੈ। ਭਾਵੇਂ ਇਸ ਵੇਲੇ ਆਕਸੀਜਨ ਦੀ ਕਮੀ ਹੈ ਪਰ ਲੋੜ ਦੀ ਪੂਰਤੀ ਕਰਨ ਲਈ ਇਕ ਜਿਲ੍ਹੇ ਤੋਂ ਦੂਜੇ ਜਿਲ੍ਹੇ ਨੂੰ ਸਪਲਾਈ ਕੀਤੀ ਜਾ ਰਹੀ ਹੈ।
Corona Virus
ਮੀਟਿੰਗ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਟੀਕਾਕਰਨ ਦਾ ਪੁਲੀਸ ਵਿਭਾਗ ਉਪਰ ਸਾਕਾਰਾਤਮਕ ਅਸਰ ਜਾਪਦਾ ਹੈ ਅਤੇ ਪਿਛਲੇ 24 ਘੰਟਿਆਂ ਵਿਚ ਕੋਵਿਡ ਤੋਂ ਬਚਾਅ ਦਾ ਟੀਕਾ ਲਵਾਉਣ ਵਾਲਾ ਇਕ ਪੁਲੀਸ ਜਵਾਨ ਪਾਜੇਟਿਵ ਆਇਆ ਹੈ ਅਤੇ ਟੀਕਾਕਰਨ ਵਾਲਿਆਂ ਵਿਚ ਕੁੱਲ ਸਿਰਫ 397 ਪਾਜੇਟਿਵ ਕੇਸ ਹਨ। ਮੁੱਖ ਮੰਤਰੀ ਨੇ ਸਮੂਹ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਯੋਗ ਵਿਅਕਤੀਆਂ ਦਾ ਵੱਧ ਤੋਂ ਵੱਧ ਟੀਕਾਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ। ਉਨ੍ਹਾਂ ਨੇ ਵੱਡੇ ਉਦਯੋਗਾਂ ਨੂੰ ਆਪੋ-ਆਪਣੇ ਮੁਲਾਜ਼ਮਾਂ ਦੇ ਟੀਕਾਕਰਨ ਲਈ ਜਿੰਮਾ ਚੁੱਕਣ ਲਈ ਆਖਿਆ।