
ਪ੍ਰਧਾਨ ਬਣਨ ਮਗਰੋਂ ਲਗਾਤਾਰ ਸਰਗਰਮ ਹਨ ਰਾਜਾ ਵੜਿੰਗ
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਜਪੋਸ਼ੀ 22 ਅਪ੍ਰੈਲ ਨੂੰ ਹੋਵੇਗੀ। ਉਹ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਪ੍ਰਧਾਨਗੀ ਦਾ ਅਹੁਦਾ ਸੰਭਾਲਣਗੇ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਵਰਕਰ ਇਕੱਠੇ ਨਹੀਂ ਹੋਣਗੇ ਸਗੋਂ ਰਾਜਾ ਵੜਿੰਗ ਵਲੋਂ ਕਾਂਗਰਸ ਦੇ ਸਾਰੇ ਦਿੱਗਜ ਨੇਤਾਵਾਂ ਨੂੰ ਇਕੱਠਾ ਕੀਤਾ ਜਾਵੇਗਾ। ਜਿਸ ਰਾਹੀਂ ਪੰਜਾਬ ਵਿੱਚ ਕਾਂਗਰਸ ਦੀ ਏਕਤਾ ਦਿਖਾਈ ਜਾਵੇਗੀ।
Navjot Sidhu
ਹਾਲਾਂਕਿ ਨਵਜੋਤ ਸਿੱਧੂ ਇਸ 'ਚ ਆਉਣਗੇ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਪ੍ਰਧਾਨਗੀ ਖੁੱਸਣ ਤੋਂ ਬਾਅਦ ਨਾ ਤਾਂ ਉਨ੍ਹਾਂ ਨੇ ਨਵੇਂ ਪ੍ਰਧਾਨ ਰਾਜਾ ਵੜਿੰਗ ਨਾਲ ਗਲਬਾਤ ਕੀਤੀ ਹੈ ਅਤੇ ਨਾ ਹੀ ਅਜੇ ਤੱਕ ਉਨ੍ਹਾਂ ਦੀ ਮੁਲਾਕਾਤ ਹੋਈ ਹੈ। ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਪਿਛਲੇ ਸਾਲ 23 ਜੁਲਾਈ ਨੂੰ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ।
Raja Warring
ਉਧਰ ਪੰਜਾਬ ਦਾ ਨਵਾਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਰਾਜਾ ਵੜਿੰਗ ਲਗਾਤਾਰ ਕਾਂਗਰਸੀ ਆਗੂਆਂ ਨੂੰ ਮਿਲ ਰਹੇ ਹਨ। ਧੜੇਬੰਦੀ ਤੋਂ ਇਲਾਵਾ ਉਨ੍ਹਾਂ ਕਾਂਗਰਸੀਆਂ ਨਾਲ ਵੀ ਮੁਲਾਕਾਤ ਕੀਤੀ ਜੋ ਸਿੱਧੂ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਉਹ ਕਾਂਗਰਸੀ ਆਗੂਆਂ ਨੂੰ 22 ਅਪ੍ਰੈਲ ਨੂੰ ਹੋਣ ਵਾਲੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ।
Congress
ਕਾਂਗਰਸ ਇਸ ਸਮੇਂ ਕਈ ਧੜਿਆਂ 'ਚ ਵੰਡੀ ਹੋਈ ਹੈ। ਨਵਜੋਤ ਸਿੱਧੂ ਦਾ ਵੱਖਰਾ ਧੜਾ ਹੈ, ਜੋ ਸਿੱਧੂ ਨੂੰ ਪ੍ਰਧਾਨ ਬਣਾਏ ਰੱਖਣ ਦੇ ਹੱਕ ਵਿੱਚ ਸੀ। ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਅਜੇ ਵੀ ਕਈ ਦਿੱਗਜ ਇਸ ਸਮੇਂ ਉਨ੍ਹਾਂ ਨਾਲ ਖੁੱਲ੍ਹ ਕੇ ਨਜ਼ਰ ਨਹੀਂ ਆ ਰਹੇ ਹਨ। ਮਾਝੇ ਦੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਦੀ ਤਿਕੜੀ ਪਿਛਲੀ ਵਾਰ ਸਿੱਧੂ ਦੀ ਤਰ੍ਹਾਂ ਇਸ ਵਾਰ ਰਾਜਾ ਵੜਿੰਗ ਨਾਲ ਖੁੱਲ੍ਹ ਕੇ ਘੁੰਮਦੀ ਨਜ਼ਰ ਨਹੀਂ ਆ ਰਹੀ।
Sonia Gandhi and Rahul Gandhi
ਹਾਲਾਂਕਿ ਹਾਈਕਮਾਂਡ ਦੇ ਹੁਕਮਾਂ 'ਤੇ ਸਾਰੇ ਰਾਜਾ ਵੜਿੰਗ ਨਾਲ ਇਕਜੁੱਟ ਦਿਖਾਈ ਦੇ ਸਕਦੇ ਹਨ। ਫਿਲਹਾਲ ਸਾਬਕਾ ਸੀਐਮ ਚਰਨਜੀਤ ਚੰਨੀ ਵੀ ਕਿਸੇ ਨਾਲ ਖੁੱਲ੍ਹ ਕੇ ਨਜ਼ਰ ਨਹੀਂ ਆ ਰਹੇ ਹਨ। ਕਰਾਰੀ ਹਾਰ ਤੋਂ ਬਾਅਦ ਵੀ ਕਾਂਗਰਸ ਇਕਜੁੱਟ ਹੁੰਦੀ ਹੈ ਜਾਂ ਨਹੀਂ ਇਹ ਤਾਂ 22 ਅਪ੍ਰੈਲ ਨੂੰ ਪਤਾ ਲੱਗੇਗਾ।