
ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਕਿਸਾਨ ਰੋਸ ਵਿਚ ਹਨ ਤੇ ਪ੍ਰਦਰਸ਼ਨ ਵੀ ਕਰ ਰਹੇ ਹਨ
ਚੰਡੀਗੜ੍ਹ: ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਚਿਹਰੇ ਨਿਰਾਸ਼ ਕਰ ਦਿੱਤੇ ਹਨ ਜਦਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਚੋਂ ਲੰਘ ਰਹੇ ਹਨ। ਦਰਅਸਲ ਕੇਂਦਰ ਸਰਕਾਰ ਵੱਲੋਂ ਨਰਮੇ ਦੇ ਬੀਟੀ ਬੀਜ ਦੇ ਮੁੱਲ 'ਚ ਵਾਧਾ ਕੀਤਾ ਗਿਆ ਹੈ। ਜਿਸ ਨਾਲ ਸੂਬੇ ਦੇ ਕਿਸਾਨਾਂ ’ਤੇ ਕਰੋੜਾਂ ਰੁਪਏ ਦਾ ਹੋਰ ਵਾਧੂ ਦਾ ਬੋਝ ਪਿਆ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਨਰਮੇ ਦੇ ਬੀਟੀ ਬੀਜਾਂ ਦੀ ਕੀਮਤ ’ਚ 43 ਰੁਪਏ ਪ੍ਰਤੀ ਪੈਕਟ ਵਾਧਾ ਕੀਤਾ ਗਿਆ ਹੈ। ਕੀਮਤ ਵਧਣ ਨਾਲ ਜੋ ਬੀਟੀ ਬੀਜ ਦਾ ਇੱਕ ਪੈਕੇਟ ਪਿਛਲੇ ਸਾਲ 767 ਰੁਪਏ ’ਚ ਵਿਕ ਰਿਹਾ ਸੀ ਹੁਣ ਉਹ 810 ਰੁਪਏ ਦਾ ਵਿਕੇਗਾ। ਦੱਸ ਦਈਏ ਕਿ ਕੇਂਦਰ ਵੱਲੋਂ ਇਹ ਕੀਮਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਧ ਤੋਂ ਵੱਧ ਕੀਮਤ ਕੰਟਰੋਲ ਆਦੇਸ਼ 2015 ਦੇ ਤਹਿਤ ਨਿਧਾਰਿਤ ਕੀਤੀ ਗਈ ਹੈ।
ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਕਿਸਾਨ ਰੋਸ ਵਿਚ ਹਨ ਤੇ ਪ੍ਰਦਰਸ਼ਨ ਵੀ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਅਚਾਨਕ ਹੀ ਬੀਟੀ ਬੀਜਾਂ ਦੀ ਕੀਮਤ ਨੂੰ ਵਧਾਇਆ ਗਿਆ ਜਿਸ ਕਾਰਨ ਪਹਿਲਾਂ ਤੋਂ ਹੀ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਜਤਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਨਰਮਾ ਉਤਪਾਦਕ ਕਿਸਾਨਾਂ ’ਤੇ ਕਰੋੜਾ ਰੁਪਏ ਦਾ ਵਾਧੂ ਬੋਝ ਪਾਇਆ ਗਿਆ ਹੈ।